Khetibadi Punjab

ਹਿਰਾਸਤ ਵਿੱਚ ਲਏ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ ਸ਼ੁਰੂ

ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ ਹੈ। ਇਹ ਜਾਣਕਾਰੀ ਕਿਸਾਨ ਨੇਜਾ ਜਗਜੀਤ ਸਿੰਘ ਡੱਲੇਵਾਲ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਗਈ ਹੈ। ਜਗਜੀਤ ਸਿੰਘ ਡੱਲੇਵਾਲ ਦੇ ਪੇਸਬੁੱਕ ਪੇਜ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਹਿਰਾਸਤ ਵਿੱਚ ਲਏ ਗਏ ਸਾਰੇ ਕਿਸਾਨਾਂ ਵੱਲੋਂ ਭੁੱਖ ਹੜਤਾਲ ਜਾਰੀ ਹੈ, ਆਜੋ ਸਾਰੇ ਮਿਲ ਸਭ ਨਾਲ ਖੜੀਏ।

ਪੁਲਿਸ ਨੇ 72 ਘੰਟੇ ਪਹਿਲਾਂ ਹੀ ਬਣਾਈ ਸੀ ਯੋਜਨਾ

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਟਕਰਾਅ ਤੋਂ ਬਚਣ ਲਈ, ਪੰਜਾਬ ਪੁਲਿਸ ਨੇ 72 ਘੰਟੇ ਪਹਿਲਾਂ ਯੋਜਨਾਵਾਂ ਬਣਾ ਲਈਆਂ ਸਨ। ਸੁਪਰੀਮ ਕੋਰਟ ਦੇ ਇਸ ਜਗ੍ਹਾ ਨੂੰ ਖਾਲੀ ਕਰਨ ਅਤੇ ਰਿਪੋਰਟ ਪੇਸ਼ ਕਰਨ ਦੇ ਹੁਕਮ ਤੋਂ ਬਾਅਦ, ਪੰਜਾਬ ਸਰਕਾਰ ਨੇ ਪੁਲਿਸ ਨੂੰ ਹਰ ਕੀਮਤ ‘ਤੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਰੋਕਣ ਦੇ ਹੁਕਮ ਦਿੱਤੇ ਸਨ। ਕਿਸਾਨ ਅੰਦੋਲਨ ਨੂੰ ਲੈ ਕੇ ਮਾਨ ਸਰਕਾਰ ਦੀ ਆਲੋਚਨਾ ਹੋ ਰਹੀ ਸੀ। ਵੱਡੇ ਕਾਰੋਬਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਸੀ।

ਇਸ ਕਾਰਨ, ਜਦੋਂ ਕੇਂਦਰ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ, ਤਾਂ ਪੁਲਿਸ ਨੇ 72 ਘੰਟੇ ਪਹਿਲਾਂ ਹੀ ਟਕਰਾਅ ਨੂੰ ਰੋਕਣ ਦੀ ਯੋਜਨਾ ਬਣਾ ਲਈ। ਇਸ ਗੁਪਤ ਮੀਟਿੰਗ ਵਿੱਚ 2 ਆਈਏਐਸ ਅਧਿਕਾਰੀ ਅਤੇ 4 ਆਈਪੀਐਸ ਅਧਿਕਾਰੀ ਸ਼ਾਮਲ ਹੋਏ। ਯੋਜਨਾ ਦੇ ਤਹਿਤ, ਇੱਕ ਕਮਾਂਡੋ ਬਟਾਲੀਅਨ ਦੇ ਨਾਲ 1,500 ਪੁਲਿਸ ਕਰਮਚਾਰੀ ਅਤੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਟਕਰਾਅ ਦੀ ਸੰਭਾਵਨਾ ਦੇ ਮੱਦੇਨਜ਼ਰ, ਕਿਸਾਨ ਆਗੂ ਪੰਧੇਰ ਅਤੇ ਡੱਲੇਵਾਲ, ਜੋ ਕਿ ਮੀਟਿੰਗ ਲਈ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਚੰਡੀਗੜ੍ਹ ਆਏ ਸਨ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਦੂਜੇ ਬੰਨੇ ਹਰਿਆਣਾ ਪੁਲਿਸ ਨੇ ਖਨੌਰੀ ਸਰਹੱਦ ‘ਤੇ ਬੈਰੀਕੇਡ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਹਾਈਵੇਅ ‘ਤੇ ਸੀਮਿੰਟ ਦੇ ਬੈਰੀਕੇਡਾਂ ਨੂੰ ਜੇਸੀਬੀ, ਹਾਈਡਰਾ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਅਧਿਕਾਰੀ ਸ਼ੰਭੂ ਸਰਹੱਦ ਦੀ ਸਫਾਈ ਕਰਵਾ ਰਹੇ ਹਨ।