India Khaas Lekh Punjab

ਸਿਆਸੀ ਪਾਰਟੀਆਂ ਦੇ ਝੰਡੇ ਹੇਠ ਲੀਡਰਾਂ ਦਾ ਵੱਖਰਾ ‘ਕਿਸਾਨ ਸੰਘਰਸ਼’, ਜਾਣੋ ‘ਪੰਜਾਬ-ਬੰਦ’ ਦੀ ਹਰ ਅਪਡੇਟ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ’ਚ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ’ਚ ਇਸ ਨੂੰ ‘ਪੰਜਾਬ-ਬੰਦ’ ਦਾ ਨਾਂ ਦੇ ਕੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਜਾਣਕਾਰੀ ਮੁਤਾਬਕ ਪੰਜਾਬ ਭਰ ’ਚ ਲਗਭਗ 200 ਤੋਂ ਵੱਧ ਥਾਵਾਂ ’ਤੇ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ। ਹਾਲਾਂਕਿ ਅੰਨ ਦਾਤਿਆਂ ਵੱਲੋਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕਿ ਬੰਦ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਂਞ ਪੰਜਾਬ ਬੰਦ ਤਹਿਤ ਬਾਜ਼ਾਰ ਬੰਦ ਰਹੇ ਤੇ ਆਵਾਜਾਈ ਵੀ ਠੱਪ ਰਹੀ। ਸ਼ੰਭੂ ਬਾਰਡਰ ਵਿਖੇ ਕਿਸਾਨਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ।

ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਹਾਲੇ ਸ਼ੁਰੂਆਤ ਹੋਈ ਹੈ। ਪੰਜਾਬ ਬੰਦ ਨਾਲ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਇਆ ਹੈ। ਇਸ ਨਾਲ ਹਕੂਮਤ ਦੀ ਨੀਂਦ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਸੰਘਰਸ਼ ਸ਼ੁਰੂ ਕੀਤਾ ਜਾਏਗਾ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤਕ ਮੋਦੀ ਸਰਕਾਰ ਕਿਸਾਨ ਵਿਰੋਧ ਬਿੱਲ ਵਾਪਿਸ ਨਹੀਂ ਲੈਂਦੀ, ਉਦੋਂ ਤਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।

ਉਂਞ ਕਿਸਾਨਾਂ ਨੇ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਸੰਘਰਸ਼ ਤੋਂ ਪਰ੍ਹੇ ਰਹਿਣ ਦੀ ਹਦਾਇਤ ਕੀਤੀ ਸੀ ਫਿਰ ਵੀ ਲੀਡਰਾਂ ਨੇ ਆਪੋ-ਆਪਣੇ ਤੌਰ ’ਤੇ ਅੱਜ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ, ਹਾਲਾਂਕਿ ਇਸ ਦੌਰਾਨ ਉਨ੍ਹਾਂ ਝੰਡੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਹੀਂ, ਬਲਕਿ ਜ਼ਿਆਦਾਤਰ ਆਪੋ-ਆਪਣੀ ਸਿਆਸੀ ਪਾਰਟੀ ਦੇ ਝੁਲਾਏ। ਕਾਂਗਰਸ, ਅਕਾਲੀ ਦਲ ਜਾਂ ‘ਆਪ’, ਕਿਸੇ ਵੀ ਪਾਰਟੀ ਨੇ ਕਿਸਾਨਾਂ ਦਾ ਝੰਡਾ ਨਹੀਂ ਚੁੱਕਿਆ, ਬਲਕਿ ਆਪੋ-ਆਪਣੀ ਪਾਰਟੀ ਦੇ ਝੰਡੇ ਹੱਥਾਂ ਵਿੱਚ ਫੜ੍ਹ ਕੇ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਵੱਡੇ ਸਿਆਸੀ ਆਗੂ ਕਿਸਾਨਾਂ ਦੇ ਇਕੱਠ ਵਿੱਚ ਸ਼ਾਮਲ ਨਹੀਂ ਹੋਏ।

ਦੂਜੇ ਬੰਨੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿੱਢੇ ਸੰਘਰਸ਼ ਨੂੰ ਲੈ ਕੇ ਕਿਸਾਨ ਆਗੂ ਨੱਛਤਰ ਬੈਦਵਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਭਾਵੇਂ ਸਿਆਸੀ ਧਿਰਾਂ ਉਨਾਂ ਨੂੰ ਸਮਰਥਨ ਕਰ ਰਹੀਆਂ ਹਨ, ਪਰ ਕਿਸਾਨ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ‘ਚ ਜੇ ਕੋਈ ਸਿਆਸੀ ਆਗੂ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਪਾਰਟੀ ਤੋਂ ਵੱਖ ਹੇ ਕੇ ਸ਼ਾਮਲ ਹੋ ਸਕਦਾ ਹੈ, ਪਰ ਇਸ ਦੌਰਾਨ ਸਿਆਸਤ ਖੇਡਣ ਦੀ ਇਜ਼ਾਜ਼ਤ ਨਹੀਂ ਹੋਏਗੀ।


ਪੰਜਾਬ ’ਚ ਥਾਂ-ਥਾਂ ਰੋਸ ਪ੍ਰਦਰਸ਼ਨ

ਜ਼ਿਲ੍ਹਾ ਬਠਿੰਡਾ ਵਿੱਚ ਦੁਕਾਨਦਾਰਾਂ ਤੇ ਵਪਾਰੀਆਂ ਨੇ ਕਿਸਾਨਾਂ ਦਾ ਦਿਲੋਂ ਸਾਥ ਦਿੰਦਿਆਂ ਮੇਨ ਬਾਜ਼ਾਰ ਵਿੱਚ ਸਾਰੀਆਂ ਦੁਕਾਨਾਂ ਬੰਦ ਕੀਤੀਆਂ। ਬਠਿੰਡਾ ਸ਼ਹਿਰ ਦੇ ਲੋਕਾਂ ਨੇ ਆਪਣੇ ਆਪ ਹੀ ਵੱਡਾ ਸਮਰਥਨ ਦਿੱਤਾ। ਬਠਿੰਡਾ ‘ਚ ਕੋਈ ਕਿਸਾਨ ਜਥੇਬੰਦੀ ਮਾਰਕੀਟ ਬੰਦ ਕਰਵਾਉਣ ਨਹੀਂ ਆਈ ਪਰ ਫਿਰ ਵੀ ਬੰਦ ਦਾ ਪੂਰਾ ਅਸਰ ਵੇਖਿਆ ਗਿਆ। ਜ਼ਰੂਰੀ ਵਸਤਾਂ ਖਰੀਦਣ ਲਈ ਹੀ ਸਿਰਫ ਸਵੇਰ ਦੇ ਸਮੇਂ ਲੋਕ ਘਰੋਂ ਬਾਹਰ ਨਿਕਲੇ।

ਜ਼ਿਲ੍ਹਾ ਗੁਰਦਾਸਪੁਰ ‘ਚ ਕਿਸਾਨਾ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਅਸਰ ਪੂਰਨ ਤੌਰ ‘ਤੇ ਦੇਖਣ ਨੂੰ ਮਿਲਿਆ। ਗੁਰਦਾਸਪੁਰ ਦੇ ਸ਼ਹਿਰ ਬਟਾਲਾ ‘ਚ ਕਿਸਾਨ ਜਥੇਬੰਦੀ ‘ਮਾਝਾ ਕਿਸਾਨ ਸੰਗਰਸ਼ ਕਮੇਟੀ‘ ਤੇ ‘ਆੜਤੀ ਯੂਨੀਅਨ‘ ਵੱਲੋਂ ਬਟਾਲਾ ਦੇ ਬਾਜ਼ਾਰ ‘ਚ ਰੋਸ ਮਾਰਚ ਕੱਢਿਆ ਗਿਆ। ਇਸ ਉਪਰੰਤ ਬਟਾਲਾ ਸ਼ਹਿਰ ਦੇ ਮੁੱਖ ਚੌਕ ਅੰਮ੍ਰਿਤਸਰ-ਪਠਾਨਕੋਟ ‘ਚ ਚੱਕਾ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ।

ਨਵਾਂਸ਼ਹਿਰ ਜ਼ਿਲ੍ਹੇ ਦੇ ਲੰਗੜੋਆ ਬਾਈਪਾਸ ਵਿਖੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਦੇ ਸਮਰਥਨ ਵਿੱਚ ਨਵਾਂਸ਼ਹਿਰ ਦੇ ਧਰਨੇ ਵਿੱਚ ਕਲਾਕਾਰ ਇੰਦਰ ਪੰਡੋਰੀ, ਵੀਤ ਬਲਜੀਤ, ਪੰਮਾ ਡੂਮੇਵਾਲ ਨੇ ਵੀ ਸ਼ਮੂਲੀਅਤ ਕੀਤੀ।

ਬਰਨਾਲਾ ਜ਼ਿਲ੍ਹੇ ‘ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਵਪਾਰੀਆਂ, ਆੜਤੀਆਂ ਤੇ ਸਾਰੇ ਵਰਗਾਂ ਨੇ ਕਿਸਾਨਾਂ ਦੇ ਬੰਦ ਨੂੰ ਹਮਾਇਤ ਦਿੱਤੀ। ਬਰਨਾਲਾ ਜ਼ਿਲ੍ਹੇ ‘ਚ 6 ਥਾਵਾਂ ‘ਤੇ ਕਿਸਾਨਾਂ ਨੇ ਧਰਨਾ ਲਾਇਆ। ਇਨ੍ਹਾਂ ਧਰਨਿਆਂ ‘ਚ ਬਠਿੰਡਾ-ਲੁਧਿਆਣਾ ਮਾਰਗ ਨੂੰ ਮਹਿਲ ਕਲਾਂ, ਚੰਡੀਗੜ੍ਹ ਫਰੀਦਕੋਟ ਮਾਰਗ ਨੂੰ ਪੱਖੋਂ ਕੈਂਚੀਆਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਧਨੌਲਾ, ਲੁਧਿਆਣਾ ਮਾਨਸਾ ਮਾਰਗ ਨੂੰ ਰੂੜੇਕੇ ਕਲਾਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਪਾ ਤੇ ਰੇਲ ਮਾਰਗ ਜਾਮ ਕੀਤੇ ਗਿਆ।


ਪੰਜਾਬ ਬੰਦ ’ਚ ਸਿਆਸੀ ਧਿਰਾਂ ਦਾ ਯੋਗਦਾਨ

  • ਟਰੈਕਟਰ ’ਤੇ ਧਰਨੇ ਲਾਉਣ ਪੁੱਜਾ ਬਾਦਲ-ਜੋੜਾ

ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਵਿਰੋਧ ਦਲ ਤੇ ਬਿੱਲ ਪਾਸ ਕਰਨ ਵਾਲੀ ਬੀਜੇਪੀ ਦੇ ਚਿਰਾਂ ਤੋਂ ਭਾਈਵਾਲ ਅਕਾਲੀ ਦਲ ਨੇ ਵੀ ਜ਼ੋਰ-ਸ਼ੋਰ ਨਾਲ ਹਿੱਸਾ ਲਿਆ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਲੰਬੀ ਟਰੈਕਟਰ ਉੱਤੇ ਬੈਠ ਕੇ ਵਿਖੇ ਧਰਨੇ ਵਿੱਚ ਸੰਬੋਧਨ ਕਰਨ ਲਈ ਪਹੁੰਚੇ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਕਈ ਅਕਾਲੀ ਸੀਨੀਅਰ ਲੀਡਰ ਵੀ ਪੁਹੰਚੇ ਹਨ।

ਦੱਸ ਦੇਈਏ ਕੱਲ੍ਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਅਕਾਲੀ ਦਲ ਲੀਡਰਾਂ ਨੇ ਵੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ 25 ਸਤੰਬਰ ਨੂੰ ਅਕਾਲੀ ਦਲ ਸਵੇਰੇ 11 ਵਜੇ ਤੋਂ 2 ਵਜੇ ਤੱਕ ਪੰਜਾਬ ਭਰ ’ਚ ਹਰ ਆਗੂ ਆਪੋ-ਆਪਣੇ ਵਿਧਾਨਸਭਾ ਹਲਕੇ ’ਚ ਚੱਕਾ ਜਾਮ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਦੱਸਿਆ ਕਿ 25 ਤਾਰੀਕ ਨੂੰ ਪੰਜਾਬ ਭਰ ਵਿੱਚ 3 ਘੰਟੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਰ ਵਰਕਰ ਆਪਣੇ-ਆਪਣੇ ਹਲਕੇ ਵਿੱਚ ਬਿੱਲਾਂ ਵਿਰੁੱਧ ਪ੍ਰਦਰਸ਼ਨ ਕਰੇਗਾ।

  • ਅਕਾਲੀ ਲੀਡਰਾਂ ਵੱਲੋਂ ਟਰੈਕਟਰ ਸਾੜ ਕੇ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਦਾ ਆਗੂਆਂ ਵੱਲੋਂ ਅੰਮ੍ਰਿਤਸਰ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ‘ਤੇ ਜਾਮ ਲਾ ਕੇ ਆਰਡੀਨੈਂਸ ਖਿਲਾਫ ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਕਾਲੀ ਲੀਡਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ‘ਚ ਫੈਸਲਾ ਲੈਂਦਿਆਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਜਦੋਂ ਤੱਕ ਮੋਦੀ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡਾ BJP ਨਾਲ ਕੋਈ ਸਮਝੌਤਾ ਨਹੀਂ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹਾ ਰਿਹਾ ਤੇ ਹਮੇਸ਼ਾ ਖੜ੍ਹਾ ਰਹੇਗਾ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਤਿੰਨ ਘੰਟਿਆਂ ਲਈ ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਿੰਨ ਘੰਟਿਆਂ ਲਈ ਜੰਮ ਕੀਤਾ ਗਿਆ। ਇਸ ਦੇ ਨਾਲ ਹੀ ਅਕਾਲੀ ਦਲ ਆਗੂ ਤੇ ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ‘ਚ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਸਥਿਤ ਗੋਲੂ ਕਾ ਮੋੜ ਉੱਪਰ ਧਰਨਾ ਲਾਇਆ ਗਿਆ।

ਇਸ ਦੇ ਨਾਲ ਹੀ ਅਕਾਲੀ ਦਲ ਦੀ ਬਰਨਾਲਾ ਇਕਾਈ ਵੱਲੋਂ ਵੀ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਲੀਡਰ ਦਵਿੰਦਰ ਸਿੰਘ ਬੀਹਲਾ, ਹੋਰ ਵਰਕਰਾਂ ਅਤੇ ਕਿਸਾਨਾਂ ਨੇ ਇੱਕ ਟਰੈਕਟਰ ਨੂੰ ਅੱਗ ਲਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ। ਅਕਾਲੀ ਦਲ ਵਰਕਰਾਂ ਨੇ ਕਿਹਾ ਕਿ ਉਹ ਕਿਸਾਨ ਪਰਿਵਾਰਾਂ ਤੋਂ ਹਨ, ਜਦੋਂ ਕਿਸਾਨ ਹੀ ਨਹੀਂ ਬਚਿਆ ਤਾਂ ਟਰੈਕਟਰ ਕਿਸ ਕੰਮ ਦੇ? ਉੱਥੇ ਹੀ ਅਕਾਲੀ ਦਲ ਵਰਕਰਾਂ ਵੱਲੋਂ ਬਰਨਾਲਾ, ਸੰਗਰੂਰ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।


ਪੰਜਾਬ-ਬੰਦ ਮੌਕੇ ਕੀ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

  • ਕਿਸਾਨਾਂ ਨੂੰ ਅਪੀਲ

ਮੁੱਖ ਮੰਤਰੀ ਕੈਪਟਨ ਨੇ ਪੰਜਾਬ ਬੰਦ ਮੌਕੇ ਕਿਸਾਨਾਂ ਨੂੰ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਤੇ ਕੋਵਿਡ ਨੇਮਾਂ ਦਾ ਪਾਲਣਾ ਕਰਨ ਦੀ ਅਪੀਲ ਕੀਤੀ। ਕੈਪਟਨ ਨੇ ਕਿਹਾ ਕਿ ਬਿੱਲਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਬੰਦ ਦੌਰਾਨ ਧਾਰਾ 144 ਦੀ ਉਲੰਘਣਾ ਕਰਨ ’ਤੇ ਕਿਸੇ ਵੀ ਕਿਸਾਨ ਜਥੇਬੰਦੀ ਖ਼ਿਲਾਫ਼ FIR ਦਰਜ ਨਹੀਂ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਬੰਦ ਦੌਰਾਨ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰਹਿਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ, ਇਸ ਲਈ ਕਿਸਾਨ ਕੋਵਿਡ ਨੇਮਾਂ ਦੀ ਪਾਲਣਾ ਕਰਨ ਤੇ ਇਹਤਿਆਤ ਵਰਤਣ।

  • ਸਿਆਸੀ ਪਾਰਟੀਆਂ ਨੂੰ ਅਪੀਲ

ਕੈਪਟਨ ਨੇ ਟਵੀਟ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠਿਆਂ ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਲਈ ਵੀ ਤਿਆਰ ਹਨ। ਹਾਲਾਂਕਿ ਉਨ੍ਹਾਂ ਕਿਸਾਨਾਂ ਦਾ ਸਾਥ ਦੇ ਰਹੇ ਅਕਾਲੀ ਦਲ ‘ਤੇ ਸਿਆਸੀ ਰੋਟੀਆਂ ਦੇ ਸੇਕਣ ਦੇ ਇਲਜ਼ਾਮ ਵੀ ਲਾਏ ਹਨ।

ਇਸ ਤੋਂ ਇਲਾਵਾ ਕੈਪਟਨ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੰਜਾਬ ਬੰਦ ਦੌਰਾਨ ਕਿਸਾਨਾਂ ਪ੍ਰਤੀ ਨਰਮ ਰਵੱਈਆ ਅਪਣਾਇਆ ਜਾਵੇ ਤੇ ਉਨ੍ਹਾਂ ‘ਤੇ ਕੋਈ ਸਖਤੀ ਨਾ ਵਰਤੀ ਜਾਵੇ। ਬੰਦ ਦੌਰਾਨ ਇਹਤਿਆਤ ਵਜੋਂ ਐਂਬੂਲੈਂਸ ਸੇਵਾ, ਸਿਵਲ ਸਰਜਨ, ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਸੀ।


ਪੰਜਾਬ-ਬੰਦ ’ਚ ਪੰਜਾਬੀ ਕਲਾਕਾਰਾਂ ਦਾ ਯੋਗਦਾਨ

ਪੰਜਾਬੀ ਸੰਗੀਤ ਤੇ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਹੁੰਮ-ਹੁਮਾ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ। ਪੰਜਾਬ ਬੰਦ ਮੌਕੇ ਚੰਡੀਗੜ੍ਹ ਤੋਂ ਕਈ ਨਾਮੀ ਕਲਾਕਾਰਾਂ ਨੇ ਅੱਜ ਨਾਭਾ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਹਾਜ਼ਰੀ ਭਰੀ।

ਇਸ ਮੌਕੇ ਉੱਘੇ ਗਾਇਕ ਹਰਭਜਨ ਮਾਨ, ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ, ਰਣਜੀਤ ਬਾਵਾ ਤੇ ਰਵਨੀਤ ਸਣੇ ਕਈ ਹੋਰ ਪੰਜਾਬੀ ਗਾਇਕ ਧਰਨੇ ਵਿੱਚ ਸ਼ਾਮਲ ਹੋਏ। ਵੇਖੋ ਤਸਵੀਰ

ਦੱਸ ਦੇਈਏ ਪੰਜਾਬ ਦੇ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਵੀ ਖੇਤੀ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟਾਇਆ ਹੈ। ਗਾਇਕ ਸਿੱਪੀ ਗਿੱਲ ਨੇ ‘ਆਸ਼ਿਕ਼ ਮਿੱਟੀ ਦੇ’ ਗੀਤ ਗਾ ਕੇ ਅਤੇ ਕੰਵਰ ਗਰੇਵਾਲ ਨੇ ਆਪਣੇ ਗੀਤ ‘ਅੱਖਾਂ ਖੋਲ੍ਹ’ ਨਾਲ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਹੈ।


NRI ਨੌਜਵਾਨਾਂ ਦਾ ਵੱਡਾ ਐਲਾਨ

ਖੇਤੀ ਬਿੱਲਾਂ ਖ਼ਿਲਾਫ਼ ਵਿੱਢੇ ਸੰਘਰਸ਼ ‘ਚ ਅੱਜ 25 ਸਤਬੰਰ ਨੂੰ NRI ਵੀ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਦੇਣ ਲਈ ਧਰਨੇ ‘ਚ ਪਹੁੰਚੇ। ਇਸ ਦੌਰਾਨ ਵੱਡੀ ਤਦਾਦ ‘ਚ ਆਏ NRI ਨੌਜਵਾਨ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਨੂੰ ਉਨ੍ਹਾਂ ਦੀ ਲੋੜ ਹੈ ਅਤੇ ਉਹ ਪਰਦੇਸ ਜਾਣ ਦਾ ਵਿਚਾਰ ਛੱਡ ਕੇ ਆਪਣੇ ਪੁਰਖਾਂ ਦਾ ਸਾਥ ਦੇਣਗੇ। ਕਈ ਨੌਜਵਾਨਾਂ ਨੇ ਆਪਣੇ ਵੀਜ਼ੇ ਤਕ ਰੱਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਹੈ।

ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ। ਲਗਾਤਾਰ ਪੰਜਾਬ ਦਾ ਕਿਸਾਨ ਤੇ ਉਸਦੀ ਖੇਤੀ ਘਾਟੇ ਵੱਲ ਜਾ ਰਹੀ ਹੈ ਅਤੇ ਸਰਕਾਰਾਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਇਸ ਕਰਕੇ ਹੁਣ ਨੌਜਵਾਨਾਂ ਨੂੰ ਵਿਦੇਸ਼ਾਂ ਦਾ ਖ਼ਿਆਲ ਛੱਡ ਕੇ ਕਿਸਾਨੀ ਵੱਲ ਧਿਆਨ ਦੇਣਾ ਪਵੇਗਾ।


ਭਾਰਤ ਬੰਦ ਨੂੰ ਵੀ ਮਿਲਿਆ ਹੁੰਗਾਰਾ

ਪੰਜਾਬ ਦੇ ਨਾਲ-ਨਾਲ ਅੱਜ ਦਿੱਲੀ ਵਿੱਚ ਵੀ ਕਿਸਾਨਾਂ ਨੇ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਿਸ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮਰਥਨ ਦੀ ਵੀ ਗੱਲ ਕੀਤੀ ਗਈ। ਦੁਪਹਿਰ 12 ਵਜੇ ਜੰਤਰ ਮੰਤਰ ਵਿਖੇ ਖੇਤੀ ਬਿੱਲਾਂ ਖਿਲਾਫ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਦੇਸ਼ ਭਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਕਾਂਗਰਸ, ਰਾਜਦ, ਸਮਾਜਵਾਦੀ ਪਾਰਟੀ, ਅਕਾਲੀ ਦਲ, ਆਪ, ਟੀਐਮਸੀ ਸਮੇਤ ਕਈ ਹੋਰ ਸਿਆਸੀ ਪਾਰਟੀਆਂ ਦਾ ਵੀ ਸਮਰਥਨ ਮਿਲਿਆ। ਯੂਥ ਕਾਂਗਰਸ ਨੇ ਵੀਰਵਾਰ ਸ਼ਾਮ ਨੂੰ ਦਿੱਲੀ ਵਿੱਚ ਮਸ਼ਾਲ ਜਲੂਸ ਕੱਢਿਆ ਤੇ ਰੋਸ ਪ੍ਰਦਰਸ਼ਨ ਕੀਤਾ।

ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਦਿੱਲੀ-ਮੇਰਠ ਰਾਜ ਮਾਰਗ ਜਾਮ ਕਰ ਦਿੱਤਾ ਅਤੇ ਹਾਈਵੇਅ ‘ਤੇ ਟਰੈਕਟਰ, ਟਰਾਲੀਆਂ ਖੜੀਆਂ ਕਰ ਦਿੱਤੀਆਂ। ਹਾਈਵੇ ‘ਤੇ ਬੈਠੇ ਕੁਝ ਕਿਸਾਨ ਹੁੱਕਾ ਪੀਂਦੇ ਦਿਖਾਈ ਦਿੱਤੇ। ਇਸ ਸਮੇਂ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ।

ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ, ਬੜੌਟ, ਖੇਕੜਾ, ਰਮਲਾ, ਟਟੀਰੀ ਸਮੇਤ ਵੱਖ-ਵੱਖ ਥਾਵਾਂ ‘ਤੇ ਵੀ ਬੀਕੇਯੂ ਕਰਮਚਾਰੀਆਂ ਨੇ ਚੱਕਾ ਜਾਮ ਕੀਤਾ।ਉਥੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।

ਪਟਨਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਖੁਦ ਟਰੈਕਟਰ ਚਲਾਇਆ। ਇਸ ਦੌਰਾਨ ਉਸ ਦਾ ਵੱਡਾ ਭਰਾ ਤੇਜ ਪ੍ਰਤਾਪ ਵੀ ਟਰੈਕਟਰ ‘ਤੇ ਬੈਠਾ ਸੀ।

ਕਰਨਾਟਕ ਵਿੱਚ ਵੀ ਕਿਸਾਨ ਐਸੋਸੀਏਸ਼ਨ ਨਾਲ ਜੁੜੇ ਲੋਕਾਂ ਨੇ ਕਰਨਾਟਕ-ਤਾਮਿਲਨਾਡੂ ਨੂੰ ਜੋੜਨ ਵਾਲੇ ਰਾਜਮਾਰਗ ‘ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਉਥੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ।

ਰਾਜਦ ਵਰਕਰਾਂ ਵੱਲੋਂ ਮੱਝ ’ਤੇ ਬੈਠ ਕੇ ਪ੍ਰਦਰਸ਼ਨ

ਦੇਸ਼ ਦੇ ਕਈ ਹਿੱਸਿਆਂ ਵਿੱਚ ਕਿਸਾਨ ਬਿੱਲ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਹਾਰ ਦੇ ਦਰਭੰਗਾ ਵਿੱਚ, ਰਾਜਦ ਵਰਕਰਾਂ ਨੇ ਇੱਕ ਮੱਝ ਉੱਤੇ ਪ੍ਰਦਰਸ਼ਨ ਕੀਤਾ। ਵੇਖੋ ਤਸਵੀਰ


ਭਾਰਤੀ ਕਿਸਾਨ ਯੂਨੀਅਨ ਵੱਲੋਂ ਸਮਰਥਨ ਦੀ ਮੰਗ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ। ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ 31 ਜਥੇਬੰਦੀਆ ਦੀ ਮੀਟਿੰਗ ਮਗਰੋਂ ਉਹ ਜਲਦ ਹੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦਾ ਸਮਰਥਨ ਚਾਹੁੰਦੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਰ ਗਈ ਕਿਉਂਕਿ ਉਹ ਵੀ ਇੱਕ ਸਮੇਂ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਸਨ।

Comments are closed.