’ਦ ਖ਼ਾਲਸ ਬਿਊਰੋ: ਮੋਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਖਿਲਾਫ ਅਤੇ ਪੰਜਾਬ ਦੀ ਹੋਂਦ ਦੀ ਲੜਾਈ ਲੜਦਿਆਂ 26-27 ਨਵੰਬਰ ਨੂੰ ਪੰਜਾਬ ਦੇ ਕਿਸਾਨ ਦਿੱਲੀ ਨੂੰ ਕੂਚ ਕਰਨਗੇ। ਇਸ ਨੂੰ ਲੈ ਕੇ ਪੰਜਾਬ ਅੰਦਰ ਉਤਸ਼ਾਹ ਤੇ ਜ਼ਬਰਦਸਤ ਏਕੇ ਵਾਲਾ ਮਾਹੌਲ ਬਣਿਆ ਹੋਇਆ ਹੈ। ਬੱਚੇ, ਨੌਜਵਾਨ, ਬਜ਼ੁਰਗ, ਕਲਾਕਾਰ ਤੇ ਸਿਆਸਤਦਾਨਾਂ ਤੋਂ ਲੈ ਕੇ ਬੀਬੀਆਂ ਵੀ ਇਸ ਸੰਘਰਸ਼ ਦੀ ਤਿਆਰੀ ਵਿੱਚ ਜੁਟੀਆਂ ਹੋਈਆਂ ਹਨ। ਪੰਜਾਬ ਦੇ ਹਰ ਪਿੰਡ ਵਿੱਚ 26 ਨਵੰਬਰ ਨੂੰ ਦਿੱਲੀ ਘੇਰਨ ਦੀ ਤਿਆਰੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਸੰਘਰਸ਼ਮਈ ਕਿਸਾਨਾਂ ਲਈ ਗੱਦੇ, ਕੰਬਲ, ਰਜਾਈਆਂ, ਲੰਗਰ ਆਦਿ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਕਿਸਾਨ ਵੀ ਇਸ ਸੰਘਰਸ਼ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ।
ਪੰਜਾਬ ਦੀ ਜਵਾਨੀ ਨੂੰ ਜਿੱਥੇ ਨਸ਼ਿਆਂ ਵਿੱਚ ਗਲਤਾਨ ਦੱਸਿਆ ਜਾਂਦਾ ਸੀ, ਉਹੀ ਨੌਜਵਾਨ ਹੁਣ ਆਪਣੇ ਕਿਸਾਨ ਬਾਪ ਨੂੰ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦੀ ਮਾਰ ਤੋਂ ਬਚਾਉਣ ਲਈ ਮੈਦਾਨ ਵਿੱਚ ਨਿੱਤਰ ਆਇਆ ਹੈ। ਪੰਜਾਬੀ ਨੌਜਵਾਨ ਕਲਾਕਾਰ ਵੀ ਪੰਜਾਬ ਦੀ ਜਵਾਨੀ ਨੂੰ ਕਿਸਾਨ ਸੰਘਰਸ਼ ਵੱਲ ਤੋਰਨ ਲਈ ਉਤਸ਼ਾਹਿਤ ਕਰ ਰਹੇ ਹਨ। ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਾਰਾ ਪੰਜਾਬ ਇੱਕ-ਜੁਟ ਹੋ ਗਿਆ ਹੈ। ਜਿੱਥੇ ਪਹਿਲਾਂ ਪੰਜਾਬ ਅੰਦਰ ਸਿਆਸੀ ਪਾਰਟੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਸੀ, ਉੱਥੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕਜੁੱਟ ਹੋ ਗਈਆਂ ਹਨ। ਖੇਤੀ ਕਾਨੂੰਨ ਚਾਹੇ ਕਿਸਾਨਾਂ ਲਈ ਮਾਰੂ ਹੋਣ, ਪਰ ਇਨ੍ਹਾਂ ਦੀ ਵਜ੍ਹਾ ਕਰਕੇ ਪੰਜਾਬ ਦਾ ਏਕਾ ਨਜ਼ਰ ਆ ਰਿਹਾ ਹੈ, ਜੋ ਕਿ ਇੱਕ ਚੰਗੀ ਗੱਲ ਹੈ।
ਪਿੰਡਾਂ ਵਿੱਚ ਢੋਲ ਮਾਰਚਾਂ, ਨੁੱਕੜ-ਨਾਟਕਾਂ, ਮੀਟਿੰਗਾਂ, ਘਰ-ਘਰ ਸੰਪਰਕ ਮੁਹਿੰਮ ਰਾਹੀਂ ਜਿੱਥੇ ਹਰ ਪੰਜਾਬੀ ਨੂੰ 26-27 ਨਵੰਬਰ ਤੋਂ ਦਿੱਲੀ ਜਾਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਕਿਸਾਨ ਔਰਤ ਕਾਰਕੁਨਾਂ ਵੀ ਅਸਰਦਾਰ ਭੂਮਿਕਾ ਨਿਭਾ ਰਹੀਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਕੂਚ ਕਰਨ ਸਬੰਧੀ 95 ਫੀਸਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਰਾਸ਼ਣ, ਬਾਲਣ ਅਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ।
ਕਿਸਾਨ ਜਥੇਬੰਦੀਆਂ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਔਰਤ, ਨੌਜਵਾਨ, ਵਿਦਿਆਰਥੀ, ਸਾਬਕਾ ਸੈਨਿਕਾਂ, ਮੁਲਾਜ਼ਮਾਂ ਸਮੇਤ ਹਰ ਵਰਗ ਦੇ ਲੋਕ ਪੱਕੇ ਮੋਰਚਿਆਂ ’ਚ ਸ਼ਮੂਲੀਅਤ ਕਰਦਿਆਂ ਇੱਕਜੁੱਟਤਾ ਪ੍ਰਗਟਾ ਰਹੇ ਹਨ।
ਬਰਨਾਲਾ ਦੇ ਕਿਸਾਨ-ਆਗੂਆਂ ਨੇ ਦੱਸਿਆ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜਿਲ੍ਹਾ ਇਕਾਈ ਵੱਲੋਂ 31 ਹਜ਼ਾਰ ਅਤੇ ਐਕਸ ਸਰਵਿਸਮੈਨਾਂ ਵੱਲੋਂ 10 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਵੱਲੋਂ ਵੀ ਹੱਥ-ਪਰਚਾ ਵੰਢਦਿਆਂ ਪੰਜਾਬ ਭਰ ’ਚ ਕਿਸਾਨ-ਜਥੇਬੰਦੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਦੇ ਨਾਲ ਹੀ ਦੋਧੀ, ਪੁਲਿਸ ਮੁਲਾਜ਼ਮ, ਡਾਕਟਰ ਆਦਿ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ। ਕਿਸਾਨਾਂ ਦੇ ਪੱਕੇ ਮੋਰਚਿਆਂ ’ਤੇ ਦੁੱਧ ਦੀ ਸੇਵਾ ਦੇ ਪ੍ਰਬੰਧ ’ਚ ਕੋਈ ਕਮੀ ਨਹੀਂ ਆ ਰਹੀ। ਸਿੱਖ ਸੰਸਥਾਵਾਂ ਪੱਕੇ ਮੋਰਚਿਆਂ ’ਤੇ ਲੰਗਰਾਂ ਦੇ ਪ੍ਰਬੰਧ ਕਰ ਰਹੀਆਂ ਹਨ। ਬਹੁਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਨੌਕਰਸ਼ਾਹ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਸੜਕ ’ਤੇ ਆਉਣ-ਜਾਣ ਵਾਲੇ ਟਰੱਕ ਡਰਾਈਵਰ ਆਦਿ ਵੀ ਕਿਸਾਨਾਂ ੂੰ ਆਰਥਕ ਮਦਦ ਦੇ ਕੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ।
ਪੰਜਾਬੀ ਟ੍ਰਿਬਿਊਨ ਵਿੱਚ ‘ਦਿੱਲੀ ਚੱਲੋ’ ਦੇ ਤਹਿਤ ਛਪੀ ਇੱਕ ਰਿਪੋਰਟ ਵਿੱਚ ਬੜੇ ਸੋਹਣੇ ਅੰਦਾਜ਼ ਵਿੱਚ ਪੰਜਾਬ ਦੇ ਸੰਘਰਸ਼ੀ ਰੰਗ ਨੂੰ ਬਿਆਨ ਕੀਤਾ ਗਿਆ ਹੈ। ਜੇ ਪੰਜਾਬ ਦੇ ਇੱਕ ਪਿੰਡ ’ਚ ਲਾਲ ਝੰਡਾ ਝੁੱਲ ਰਿਹਾ ਹੈ ਤਾਂ ਦੂਸਰੇ ਪਿੰਡ ਬਸੰਤੀ ਚੁੰਨੀਆਂ ਦਾ ਹੜ੍ਹ ਆਇਆ ਹੈ। ਜਿੱਧਰ ਵੀ ਦੇਖੋ, ਹਰੀਆਂ ਤੇ ਕੇਸਰੀ ਪੱਗਾਂ ਦੂਰੋਂ ਨਜ਼ਰ ਪੈਂਦੀਆਂ ਹਨ। ਨੌਜਵਾਨਾਂ ਦੀਆਂ ਜੇਬ੍ਹਾਂ ’ਤੇ ਬੈਜ ਅਤੇ ਹੱਥਾਂ ਵਿੱਚ ਝੰਡੇ ਹਨ। ‘ਦਿੱਲੀ ਚੱਲੋ’ ਦੇ ਤਿਆਰੀ ਪ੍ਰੋਗਰਾਮ ‘ਚ ਇਸ ਤਰ੍ਹਾਂ ਦੇ ਸੰਘਰਸ਼ੀ ਰੰਗ ਝਲਕ ਰਹੇ ਹਨ। ਵਰ੍ਹਿਆਂ ਮਗਰੋਂ ਜਵਾਨੀ ਤੇ ਕਿਸਾਨੀ ਨੇ ਹੱਥਾਂ ਵਿਚ ਹੱਥ ਪਾਏ ਹਨ। ਨਿੱਕੇ ਨਿੱਕੇ ਬੱਚੇ ਵੀ ਤੋਤਲੀਆਂ ਆਵਾਜ਼ਾਂ ਵਿੱਚ ਨਾਅਰੇ ਮਾਰ ਰਹੇ ਹਨ।
ਬਠਿੰਡਾ ਦੇ ਪਿੰਡ ਮਲੂਕਾ ਦਾ ਨੌਜਵਾਨ ਸੇਮਾ ਨਾ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ। ਬਚਪਨ ਤੋਂ ਜ਼ਿੰਦਗੀ ਨੂੰ ਟੱਕਰ ਦੇ ਰਿਹਾ ਹੈ। ਉਹ ਹੁਣ ਦਿੱਲੀ ਨਾਲ ਟੱਕਰ ਲੈਣ ਦੇ ਇਸ਼ਾਰੇ ਕਰਦਾ ਹੈ। ‘ਦਿੱਲੀ ਚੱਲੋ’ ਅੰਦੋਲਨ ’ਚ ਜਾਣ ਲਈ ਕਾਹਲਾ ਇਹ ਨੌਜਵਾਨ ਜੀਦਾ ਟੌਲ ਪਲਾਜ਼ੇ ‘ਤੇ ਕਈ ਹਫਤਿਆਂ ਤੋਂ ਆ ਰਿਹਾ ਹੈ। ਉਸ ਦਾ ਅੰਗਹੀਣ ਸਾਥੀ ਸਰਬਾ ਠੰਢ ਦੇ ਬਾਵਜੂਦ ਦਿੱਲੀ ਜਾਣ ਲਈ ਬਜ਼ਿੱਦ ਹੈ। ਦੱਸਣਯੋਗ ਹੈ ਕਿ ਤੀਹ ਕਿਸਾਨ ਧਿਰਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ 26 ਤੇ 27 ਨਵੰਬਰ ਨੂੰ ਦਿੱਲੀ ’ਚ ਪ੍ਰਦਰਸ਼ਨ ਕਰਨਾ ਹੈ।
‘ਦਿੱਲੀ ਚੱਲੋ’ ਦੀ ਤਿਆਰੀ ’ਚ ਸਮੁੱਚਾ ਪੰਜਾਬ ਹੁਣ ਸੰਘਰਸ਼ੀ ਰੰਗ ਵਿੱਚ ਰੰਗਿਆ ਗਿਆ ਹੈ। ਮਾਨਸਾ ਦੇ ਪਿੰਡ ਭੂਟਾਲ ਖੁਰਦ ਵਿੱਚ ਔਰਤਾਂ ਇਕੱਠੀਆਂ ਹੋ ਕੇ ਆਟਾ ਛਾਣਨ ’ਚ ਰੁੱਝੀਆਂ ਹਨ ਅਤੇ ਮੋਗਾ ਦੇ ਪਿੰਡ ਮਾਹਲਾਂ ਕਲਾਂ ਵਿਚ ਟਰਾਲੀਆਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਠੰਢ ਤੋਂ ਵੀ ਬਚਿਆ ਜਾ ਸਕੇ।
ਬਠਿੰਡਾ ਦੇ ਪਿੰਡ ਜਿਉਂਦ ਵਿਚ ਨਿੱਕੇ ਨਿੱਕੇ ਬੱਚਿਆਂ ਨੇ ਢੋਲ ਦੀ ਥਾਪ ’ਤੇ ਮੋਦੀ ਸਰਕਾਰ ਖ਼ਿਲਾਫ਼ ਮੁੱਕੇ ਤਣੇ ਹਨ। ਸੰਗਰੂਰ ਦੇ ਪਿੰਡ ਸੋਹੀਆ ਦਾ ਪੰਜਵੀਂ ਕਲਾਸ ‘ਚ ਪੜ੍ਹਦਾ ਬੱਚਾ ਕਰਨਵੀਰ ਆਪਣੇ ਮਾਪਿਆਂ ਨਾਲ ਦਿੱਲੀ ਜਾਵੇਗਾ। ਉਹ ਗਲੀਆਂ ਵਿੱਚ ਝੰਡਾ ਚੁੱਕੀ ਫਿਰਦਾ ਹੈ। ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ਵਿੱਚ ਖੇਤੀ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਚਿੱਟੀਆਂ ਚੁੰਨੀਆਂ ਧੋ ਲਈਆਂ ਹਨ। ਕੋਈ ਮਾਂ ਖੁਦਕੁਸ਼ੀ ਦੇ ਰਾਹ ਗਏ ਕਮਾਊ ਪੁੱਤ ਦੀ ਤਸਵੀਰ ਨੂੰ ਚੁੰਨੀ ਨਾਲ ਸਾਫ ਕਰਨ ਲੱਗੀ ਹੈ ਅਤੇ ਕੋਈ ਵਿਧਵਾ ਪਤੀ ਦੀ ਤਸਵੀਰ ਲੈ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਹੈ।
ਪਿੰਡਾਂ ’ਚ ਕਿਵੇਂ ਹੋ ਰਹੀ ‘ਦਿੱਲੀ ਚੱਲੋ’ ਦੀ ਤਿਆਰੀ
ਕਿਸਾਨਾਂ ਨੇ ਭਾਵੇਂ ਸੂਬੇ ਵਿੱਚ ਰੇਲ ਗੱਡੀਆਂ ਚਲਾਉਣ ਦੀ ਹਾਮੀ ਭਰ ਦਿੱਤੀ ਹੈ ਪਰ ਦਿੱਲੀ ਘੇਰਨ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਘੇਰਨ ਦੀਆਂ ਤਿਆਰੀਆਂ ਵੀ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਦੇ ਤਹਿਤ ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਨੇ ਪਿੰਡਾਂ ਦੇ ਲੋਕਾਂ ਤੋਂ ਰਾਸ਼ਨ, ਰਜਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਘਰਸ਼ਸ਼ੀਲ ਨੂੰ ਠੰਢ ਤੋਂ ਬਚਾਉਣ ਲਈ ਟਰਾਲੀਆਂ ਨੂੰ ਉੱਪਰੋਂ ਢੱਕ ਕੇ ਲਿਜਾਇਆ ਜਾਵੇਗਾ ਅਤੇ ਨਾਲ ਹੀ ਬੱਸਾਂ ਤੇ ਹੋਰ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਨੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਦਿੱਲੀ ਪ੍ਰਦਰਸ਼ਨ ਲਈ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜੋ ਕਿ ਇਤਿਹਾਸਿਕ ਹੋਵੇਗਾ ਅਤੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ। ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ‘ਸਮਯੁਕਤ ਕਿਸਾਨ ਮੋਰਚਾ’ ਬਣਾਇਆ ਹੈ। ਮੋਰਚੇ ਨੂੰ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਹਮਾਇਤ ਹਾਸਿਲ ਹੈ। ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਰਾਸ਼ਨ, ਨਕਦ, ਕੰਬਲ ਅਤੇ ਹੋਰ ਵਸਤਾਂ ਦੇ ਰੂਪ ’ਚ ਭਰਪੂਰ ਮਦਦ ਮਿਲ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੇ ਕਿਹਾ, ‘ਪਿੰਡਾਂ ਦੇ ਲੋਕ ਖੁੱਲ੍ਹੇ ਦਿਲ ਨਾਲ ਖਾਣ ਲਈ ਰਾਸ਼ਨ ਦਾਨ ਕਰ ਰਹੇ ਹਨ।’
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਦਿੱਲੀ ਤੱਕ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਦਾ ਪਹਿਲੀ ਵਾਰ ਇਤਿਹਾਸਿਕ ਲੌਂਗ ਮਾਰਚ ਕੀਤਾ ਜਾਵੇਗਾ। ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਮਗਰ ਦੋ ਟਰਾਲੀਆਂ ਪਾਈਆਂ ਜਾਣਗੀਆਂ। ਇੱਕ ਟਰਾਲੀ ਵਿੱਚ ਗੱਦੇ-ਬਿਸਤਰੇ, ਤੰਬੂ ਅਤੇ ਖਾਣ-ਪੀਣ ਦਾ ਸਮਾਨ ਹੋਵੇਗਾ ਅਤੇ ਦੂਸਰੀ ਟਰਾਲੀ ਵਿੱਚ ਕਿਸਾਨ, ਬੀਬੀਆਂ ਤੇ ਬੱਚੇ ਹੋਣਗੇ। ਹਰ ਪਿੰਡ ਵਿੱਚੋਂ ਤਿੰਨ ਜਾਂ ਚਾਰ ਟਰੈਕਟਰ-ਟਰਾਲੀਆਂ ਭਰ ਕੇ ਜਾਣਗੀਆਂ।
ਇਸ ਦੇ ਨਾਲ ਹੀ ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਕਿਸਾਨਾਂ ਦਾ ਕਾਫਲਾ ਦਿੱਲੀ ਕੂਚ ਕਰੇਗਾ ਤਾਂ ਉਦੋਂ ਪੰਜਾਬ ਵਿੱਚ ਟੋਲ ਪਲਾਜ਼ਿਆਂ, ਮਾਲਾਂ, ਰਿਲਾਇੰਸ ਪੰਪਾਂ, ਬੀਜੇਪੀ ਦੇ ਲੀਡਰਾਂ ਦੇ ਘਰਾਂ ਅੱਗੇ ਅਤੇ ਰੇਲਵੇ ਦੇ ਪਾਰਕਾਂ ਅੱਗੇ ਲੱਗੇ ਧਰਨੇ ਜਾਰੀ ਰਹਿਣਗੇ। ਕਿਸਾਨ ਲੀਡਰਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਕਿਸਾਨਾਂ ਦੇ 26 ਨਵੰਬਰ ਵਾਲੇ ਕੀਤੇ ਜਾਣ ਵਾਲੇ ਅੰਦੋਲਨ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਕਿਸਾਨ ਸੰਘਰਸ਼ ’ਚ ਪਾਰਟੀ ਦਾ ਝੰਡਾ ਨਹੀਂ ਵਰਤੇਗੀ ‘ਆਪ’
ਇਹ ਆਮ ਵੇਖਣ ਵਿੱਚ ਆਇਆ ਹੈ ਕਿ ਭਾਵੇਂ ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ ਵਿੱਚ ਹਿੱਸਾ ਪਾ ਰਹੀਆਂ ਹਨ ਪਰ ਇਸ ਦੌਰਾਨ ਪਾਰਟੀ ਦੇ ਨੁਮਾਇੰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਨਹੀਂ, ਬਲਕਿ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਦੇ ਹਨ। ਕਿਸਾਨ ਜਥੇਬੰਦੀਆਂ ਸਿਆਸੀ ਆਗੂਆਂ ਦੇ ਇਸ ਵਰਤਾਰੇ ਤੋਂ ਇਤਰਾਜ਼ ਵੀ ਜਤਾਉਂਦੀਆਂ ਹਨ। ਇਸ ਦੇ ਤਹਿਤ ਹੀ ਆਮ ਆਦਮੀ ਪਾਰਟੀ ਨੇ ਕਿਸਾਨ ਸੰਘਰਸ਼ ਦੌਰਾਨ ਆਪਣਾ ਝੰਡਾ ਨਾ ਵਰਤਣ ਦਾ ਐਲਾਨ ਕੀਤਾ ਹੈ।
ਇਸ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਦਿੱਲੀ ਜਾ ਕੇ ਮੁਜ਼ਾਹਰਾ ਕਰਨ ਸਬੰਧੀ ਬਣਾਏ ਪ੍ਰੋਗਰਾਮ ਵਿੱਚ ‘ਆਪ’ ਆਗੂ ਬਿਨਾਂ ਪਾਰਟੀ ਦੇ ਝੰਡੇ ਤੋਂ ਕਿਸਾਨਾਂ ਦੀ ਅਗਵਾਈ ਹੇਠ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ‘ਆਪ’ ਰਾਜਨੀਤੀ ਤੋਂ ਉਪਰ ਉੱਠ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਵੇਗੀ। ‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਅੱਜ ਜਦੋਂ ਸਾਡੇ ਕਿਸਾਨ, ਮਾਵਾਂ-ਭੈਣਾਂ ਆਪਣੀ ਜ਼ਮੀਨ ਬਚਾਉਣ ਲਈ ਠੰਢੀਆਂ ਰਾਤਾਂ ਖੁੱਲ੍ਹੇ ਅਸਮਾਨ ਹੇਠ ਸੜਕਾਂ ਉੱਤੇ ਕੱਟ ਰਹੇ ਹਨ ਤਾਂ ਅਸੀਂ ਚੈਨ ਨਾਲ ਨਹੀਂ ਬੈਠ ਸਕਦੇ।
ਕਿਸਾਨਾਂ ਦੇ ਸਮਰਥਨ ‘ਚ ਨਿੱਤਰੇ ਪੰਜਾਬੀ ਕਲਾਕਾਰ
ਕਿਸਾਨੀ ਸੰਘਰਸ਼ ਵਿੱਚ ਪੰਜਾਬੀ ਕਲਾਕਾਰ ਤੇ ਗਾਇਕ ਵੀ ਵਧ-ਚੜ੍ਹ ਕੇ ਹਿੱਸਾ ਪਾ ਰਹੇ ਹਨ। ਕਲਾਕਾਰਾਂ ਨੇ ਸ਼ਹਿਰੀ ਧਰਨੇ ਲਾ ਕੇ ਕਿਸਾਨਾਂ ਦਾ ਸਾਥ ਦਿੱਤਾ ਹੈ। ਇਸ ਮੌਕੇ ਪੰਜਾਬੀ ਗਾਇਕ ਬੀਰ ਸਿੰਘ ਨੇ ਦੱਸਿਆ ਕਿ ਉਹ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਖੇਤੀ ਕਾਨੂੰਨ ਦੇ ਨਾਲ ਸਾਰਿਆਂ ਦੇ ਘਰਾਂ ’ਤੇ ਅਸਰ ਪਵੇਗਾ ਕਿਉਂਕਿ ਅਨਾਜ ਸਾਰਿਆਂ ਲਈ ਬਹੁਤ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅੰਦੋਲਨ ਵਿੱਚ ਜੋ ਲੋਕ ਸਰੀਰਕ ਤੌਰ ’ਤੇ ਮੌਜੂਦ ਨਹੀਂ ਹੋ ਸਕੇ ਸੀ, ਉਨ੍ਹਾਂ ਨੇ ਆਰਥਿਕ ਤੌਰ ’ਤੇ ਮਦਦ ਭੇਜ ਕੇ ਆਪਣਾ ਸਮਰਥਨ ਦਿੱਤਾ ਹੈ।
ਪੰਜਾਬੀ ਕਲਾਕਾਰਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਵਪਾਰੀ ਵਰਗ ਨੂੰ ਵੀ ਨਾਲ ਲੈ ਕੇ ਜਾਣ ਦੀ ਲੋੜ ਹੈ। ਯੂਰੀਆ ਲਈ ਰੇਲ ਗੱਡੀਆਂ ਚਲਾਉਣੀਆਂ ਵਾਜਬ ਸਨ। ਪਰ ਇਹ ਰੇਲ ਗੱਡੀਆਂ ਲੰਮੇ ਸਮੇਂ ਲਈ ਨਹੀਂ ਬਲਕਿ 15 ਦਿਨਾਂ ਲਈ ਚੱਲੀਆਂ ਹਨ। ਜੇ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨਦੀ ਤਾਂ ਕਿਸਾਨ ਰੇਲ ਰੋਕੋ ਅੰਦੋਲਨ ਫਿਰ ਤੋਂ ਸ਼ੁਰੂ ਕਰ ਦੇਣਗੇ।
ਕਿਸਾਨ ਸੰਘਰਸ਼ ਵਿੱਚ ਬੀਬੀਆਂ ਵੀ ਨਹੀਂ ਘੱਟ; ਜਾਗੋ, ਢੋਲ ਮਾਰਚ ਅਤੇ ਮਸ਼ਾਲ ਮਾਰਚ
ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਿਸਾਨ ਤੇ ਨੌਜਵਾਨ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ, ਉੱਥੇ ਬੀਬੀਆਂ ਵੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦਾ ਹੋਕਾ ਦੇ ਰਹੀਆਂ ਹਨ। ਲਹਿਰਾਗਾਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਲੇਹਲ ਖੁਰਦ ਅੱਗੇ ਦਿੱਤਾ ਜਾ ਰਿਹਾ ਹੈ। ਇੱਥੇ ਪਿਛਲੇ 55 ਦਿਨਾਂ ਤੋਂ ਹੀ ਸੰਘਰਸ਼ ਚੱਲ ਰਿਹਾ ਹੈ।
ਇੱਥੇ ਜਥੇਬੰਦੀ ਦੀਆਂ ਸਮਰਥਕ ਔਰਤਾਂ ਪਿੰਡ ਜਗਾਓ ਮੁਹਿੰਮ ਤਹਿਤ ਪਿੰਡ ਭੁਟਾਲ ਕਲਾਂ, ਭੁਟਾਲ ਖੁਰਦ, ਢੀਂਡਸਾ, ਭਾਈ ਕੀ ਪਿਸ਼ੌਰ, ਸੰਗਤਪੁਰਾ, ਡਸਕਾ, ਰਾਮਗੜ੍ਹ ਸੰਧੂਆਂ, ਲੇਹਲ ਕਲਾਂ, ਗਾਗਾ, ਮਹਾਂ ਸਿੰਘ ਵਾਲਾ ਅਤੇ ਚੰਗਾਲੀਵਾਲਾ ਸਣੇ ਹੋਰ ਪਿੰਡਾਂ ਵਿੱਚ ਜਾਗੋ, ਢੋਲ ਮਾਰਚ ਅਤੇ ਮਸ਼ਾਲ ਮਾਰਚ ਕਰਕੇ ਦਿੱਲੀ ਮੋਰਚੇ ਲਈ ਰਾਸ਼ਨ ਇਕੱਠਾ ਕਰ ਰਹੀਆਂ ਹਨ।
ਬੀਬੀਆਂ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਅਤੇ ਲੋਕ ਵੱਧ ਤੋਂ ਵੱਧ ਰਾਸ਼ਨ ਤੇ ਹੋਰ ਲੋੜੀਂਦੀ ਸਮੱਗਰੀ ਦੇ ਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਔਰਤਾਂ ਵੀ ਘਰ-ਘਰ ਜਾ ਕੇ ਰਾਸ਼ਨ ਅਤੇ ਹੋਰ ਵਸਤਾਂ ਇਕੱਠੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਸਾਨੂੰ ਰਾਸ਼ਨ, ਭਾਂਡੇ, ਗੱਦੇ, ਕੰਬਲ ਅਤੇ ਰਜਾਈਆਂ ਆਦਿ ਮਿਲ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਲੋਕ ਕਿਸਾਨ ਜਥੇਬੰਦੀਆਂ ਨੂੰ ‘ਸੰਘਰਸ਼ ਫ਼ੰਡ’ ਵੀ ਦੇ ਰਹੇ ਹਨ।
ਖੱਟਰ ਵੱਲੋਂ ਦਿੱਲੀ ਧਰਨਾ ਨਾ ਲਾਉਣ ਦੀ ਅਪੀਲ
ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਵੱਡੇ ਪ੍ਰਦਰਸ਼ਨ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਸੇ ਥਾਂ ’ਤੇ ਹੀ ਧਰਨਾ ਲਾ ਦੇਣਗੇ ਅਤੇ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕਰ ਦੇਣਗੇ।
ਕਿਸਾਨਾਂ ਦੀ ਇਸ ਚਿਤਾਵਨੀ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀਡੀਓ ਟਵੀਟ ਕਰਦੇ ਹੋਏ ਉਨ੍ਹਾਂ ਨੂੰ ਦਿੱਲੀ ਵਿੱਚ ਧਰਨਾ ਨਾ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿ ਉਹ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਜਾਣ ਦੇ ਪ੍ਰੋਗਰਾਮ ਵਿੱਚ ਹਿੱਸਾ ਨਾ ਲੈਣ ਕਿਉਂਕਿ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹੀ ਹਨ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਦਾ ਫਾਇਦਾ ਨਹੀਂ, ਕਿਉਂਕਿ ਤਿੰਨੇ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹੀ ਹਨ, ਅੱਗੇ ਚੱਲ ਕੇ ਕਿਸਾਨਾਂ ਨੂੰ ਇਸ ਦੇ ਲਾਭ ਨਜ਼ਰ ਆਉਣਗੇ।
मेरी किसान भाइयों से अपील है कि कृषि बिलों के विरोध में दिल्ली जाने वाले किसी भी कार्यक्रम में भाग ना लें, क्योंकि ये तीनों कृषि बिल आपके हित में हैंhttps://t.co/SUMoLxcu4Z pic.twitter.com/bAPHj5VmPG
— Manohar Lal (@mlkhattar) November 23, 2020