ਡੇਰਾਬੱਸੀ ਦੇ ਵਿਧਾਇਕ ਦੀ ਪਾਇਲਟ ਗੱਡੀ ਸ਼ਾਹਬਾਦ ‘ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਰਾਤ ਕਰੀਬ 10.30 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਿੱਲੀ ਤੋਂ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੇ ਹਲਕਾ ਡੇਰਾਬੱਸੀ ਪਰਤ ਰਹੇ ਸਨ। ਸ਼ਾਹਬਾਦ ਦੇ ਮੀਰੀ ਪੀਰੀ ਹਸਪਤਾਲ ਨੇੜੇ ਉਨ੍ਹਾਂ ਨੇ ਆਪਣੀ ਗੱਡੀ ਰੁਕਵਾਈ।
ਇਸ ਕਾਰਨ ਉਨ੍ਹਾਂ ਦੇ ਨਾਲ ਆਏ ਸੁਰੱਖਿਆ ਮੁਲਾਜ਼ਮਾਂ ਦੀ ਪਾਇਲਟ ਗੱਡੀ ਵੀ ਪਿੱਛੇ ਸੜਕ ’ਤੇ ਆ ਕੇ ਰੁਕ ਗਈ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਡਸਟਰ ਕਾਰ ਨੇ ਪਾਇਲਟ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਵਿੱਚ ਡਸਟਰ ਕਾਰ ਵੀ ਨੁਕਸਾਨੀ ਗਈ। ਸੁਰੱਖਿਆ ਕਰਮੀਆਂ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਅਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਜਾਂਚ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਵਿਧਾਇਕ ਦੇ ਕਾਫ਼ਲੇ ਵਿੱਚ ਸ਼ਾਮਲ ਸਾਰੇ ਕਾਰ ਸਵਾਰ ਵਾਲ-ਵਾਲ ਬਚ ਗਏ ਹਨ।
ਹੁੱਡਾ ਪੁਲਿਸ ਚੌਂਕੀ ਤੋਂ ਸੁਸ਼ੀਲ ਕੁਮਾਰ ਤੇ ਸੰਜੀਵ ਕੁਮਾਰ ਦੱਸਿਆ ਕਿ ਹਾਦਸੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਹਾਦਸੇ ਦੀ ਖਬਰ ਸੁਣ ਕੇ ਵਿਧਾਇਕ ਦੇ ਪਿੰਡ ਮੰਗੌਲੀ ਸਥਿਤ ਸਹੁਰੇ ਪਰਿਵਾਰ ਵਿਚੋਂ ਰਿਸ਼ਤੇਦਾਰ ਮੌਕੇ ’ਤੇ ਪਹੁੰਚ ਗਏ।