‘ਦ ਖਾਲਸ ਬਿਊਰੋ:ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਗੁਰਮੀਤ ਰਾਮ ਰਹੀਮ ਜੋ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ, ਨੂੰ ਹਰਿਆਣਾ ਸਰਕਾਰ ਨੇ ਪੈਰੋਲ ਦੇ ਦਿੱਤੀ ਹੈ। ਰਾਮ ਰਹੀਮ ਨੂੰ ਅੱਜ ਸਵੇਰੇ ਭਾਰੀ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਪੈਰੋਲ ਦੀ ਮਿਆਦ ਦੌਰਾਨ ਉਹ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਹੀ ਰਹੇਗਾ। ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਇੱਕ ਮਹੀਨੇ ਦੀ ਪੈਰੋਲ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨਾਲ ਜੁੜੇ ਦੋ ਮਾਮਲਿਆਂ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ ਪਰ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਿਆ ਸੀ।
ਰਾਮ ਰਹੀਮ ਇਸ ਤੋਂ ਪਹਿਲਾਂ ਵੀ ਕਈ ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।7 ਫਰਵਰੀ ਨੂੰ ਚੋਣਾਂ ਦੇ ਨੇੜੇ ਰਾਮ ਰਹੀਮ 21 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਤੇ ਇਸ ਸਮੇਂ ਦੌਰਾਨ ਰਾਮ ਰਹੀਮ ਆਪਣੇ ਗੁਰੂਗ੍ਰਾਮ ਆਸ਼ਰਮ ‘ਚ ਹੀ ਰਿਹਾ ਸੀ।ਉਸ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਸਰਕਾਰ ਨੇ ਉਸ ਨੂੰ ਜੈਡ ਪਲਸ ਸੁਰੱਖਿਆ ਪ੍ਰਦਾਨ ਕੀਤੀ ਸੀ।
ਪਿਛਲੇ ਸਾਲ 12 ਮਈ 2021 ਨੂੰ ਡੇਰਾ ਮੁਖੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਦੌਰਾਨ ਰਾਮ ਰਹੀਮ ਨੂੰ 48 ਘੰਟਿਆਂ ਦੀ ਪੈਰੋਲ ਮਿਲੀ ਸੀ। ਇਸ ਤੋਂ ਬਾਅਦ 3 ਜੂਨ 2021 ਨੂੰ ਦੁਬਾਰਾ ਜਾਂਚ ਲਈ ਪੀਜੀਆਈ ਲਿਆਂਦਾ ਗਿਆ। 6 ਜੂਨ ਨੂੰ ਵੀ ਉਸ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਮੇਦਾਂਤਾ ਮੈਡੀਸਿਟੀ ਵਿਚ ਭਰਤੀ ਕਰਵਾਇਆ ਗਿਆ ਸੀ।ਇਸ ਤੋਂ ਇਲਾਵਾ ਉਸ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਜਾਣ ਲਈ ਵੀ ਪੈਰੋਲ ਮਿੱਲੀ ਸੀ।ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਉਸ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 25 ਅਗਸਤ 2017 ਨੂੰ ਸੁਣਾਈ ਸੀ,ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ।ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਸਜ਼ਾ ਸੁਣਾਈ ਗਈ ਸੀ। ਹਾਲ ਦੀ ਘੜੀ ਵੀ ਉਸ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਵੀ ਐਸਆਈਟੀ ਨੇ ਮੁੱਖ ਦੋਸ਼ੀ ਮੰਨਿਆ ਹੈ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਦੇ ਨਾਂ ਤੇ ਯੂਪੀ ਤੋਂ ਇੱਕ ਸੰਦੇਸ਼ ਜਾਰੀ ਕੀਤਾ ਹੈ,ਜਿਸ ਵਿੱਚ ਉਹ ਆਪਣੇ ਹੱਥ ਵਿੱਚ ਇੱਕ ਛਤਰੀ ਫੱੜੀ ਨਜ਼ਰ ਆ ਰਿਹਾ ਹੈ।ਉਸ ਨੇ ਆਪਣੇ ਪੈਰੋਕਾਰਾਂ ਨੂੰ ਜਾਬਤੇ ਵਿੱਚ ਰਹਿ ਕੇ ਸਿਮਰਨ ਕਰਨ ਨੂੰ ਕਿਹਾ ਹੈ ਤੇ ਇਹ ਵੀ ਨਿਰਦੇਸ਼ ਦਿਤਾ ਹੈ ਕਿ ਉਹ ਆਪੋ ਆਪਣੇ ਘਰਾਂ ਵਿੱਚ ਰਹਿਣ ਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ।ਉਹ ਆਪਣੇ ਸੇਵਾਦਾਰਾਂ ਰਾਹੀਂ ਜੋ ਵੀ ਸੰਦੇਸ਼ ਦੇਣਗੇ,ਸਾਰੇ ਉਹ ਮੰਨਣ।