ਕੱਲ੍ਹ 1 ਜੂਨ ਨੂੰ ਚੋਣਾਂ ਤੋਂ ਪਹਿਲਾਂ ਡੇਰਾ ਸਚਖੰਡ ਬੱਲਾਂ ਵੱਲੋਂ ਚੋਣਾਂ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। ਮੌਜੂਦਾ ਗੱਦੀਨਸ਼ੀਨ ਡੇਰਾ ਸਚਖੰਡ ਬੱਲਾਂ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਹੈ, ਡੇਰਾ ਸਮਰਥਕ ਆਪਣੀ ਮਰਜ਼ੀ ਨਾਲ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਸਕਦੇ ਹਨ। ਇਸ ਸਬੰਧੀ ਡੇਰੇ ਵੱਲੋਂ ਇੱਕ ਪੋਸਟਰ ਤੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ।
ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਇਕ ਨਿਰੋਲ ਧਾਰਮਿਕ ਡੇਰਾ ਹੈ। ਜੋ ਸਿਰਫ ਤੇ ਸਿਰਫ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਤੇ ਲੋਕ ਭਲਾਈ ਨੂੰ ਸਮਰਪਿਤ ਹੈ। ਡੇਰਾ ਸਾਰੇ ਸਿਆਸੀ ਦਲਾਂ ਦਾ ਸਤਿਕਾਰ ਕਰਦਾ ਹੈ। ਡੇਰੇ ਵਿਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਤਮਸਤਕ ਅਤੇ ਸ਼ਰਧਾ ਪ੍ਰਗਟ ਕਰਨ ਲਈ ਆਉਂਦੇ ਹਨ ਡੇਰਾ ਸੱਚਖੰਡ ਬੱਲਾ ਵਲੋਂ ਡੇਰੇ ਦੀਆਂ ਸਾਰੀਆਂ ਹੀ ਨਾਮਲੇਵਾ ਸੰਗਤਾਂ ਨੂੰ ਸਪੱਸ਼ਟ ਤੌਰ ’ਤੇ ਆਖਿਆ ਜਾਂਦਾ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਆਪਣੀ ਮਰਜ਼ੀ ਅਨੁਸਾਰ ਕਰਨ ਡੇਰੇ ਵਲੋਂ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਸਮਰਥਨ ਨਹੀਂ ਦਿੱਤਾ ਗਿਆ।
ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਕੁਝ ਸ਼ਰਾਰਤੀ ਅਨਸਰ ਡੇਰੇ ਦੇ ਨਾਮ ਨਾਲ ਸੋਸ਼ਲ ਮੀਡੀਆ ਉੱਤੇ ਫ਼ਰਜ਼ੀ ਆਈਡੀ ਅਤੇ ਗਰੁੱਪ ਬਣਾ ਕੇ ਵੋਟਾਂ ਦੇ ਸੰਬੰਧ ਵਿੱਚ ਪੋਸਟਾਂ ਪਾ ਰਹੇ ਹਨ, ਜਿਨ੍ਹਾਂ ਨਾਲ ਡੇਰੇ ਦਾ ਕੋਈ ਸੰਬੰਧ ਨਹੀਂ ਹੈ। ਕੁਝ ਸ਼ਰਾਰਤੀ ਅਨਸਰਾਂ ਵਲੋਂ ਡੇਰਾ ਸੱਚਖੰਡ ਬੱਲਾਂ ਦੇ ਨਾਮ ਉੱਤੇ ਫੇਕ ਆਈਡੀ ਬਣਾ ਕੇ ਗਲਤ ਸੂਚਨਾ ਸੰਗਤਾਂ ਵਿੱਚ ਪਹੁੰਚਾਈ ਜਾ ਰਹੀ ਹੈ ।
ਡੇਰੇ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਗ਼ਲਤ ਖ਼ਬਰਾਂ ਉੱਤੇ ਯਕੀਨ ਨਾ ਕਰਨ। ਡੇਰੇ ਦੇ ਨਾਮ ਉੱਤੇ ਫਰਜ਼ੀ ਆਈ ਚਲਾਉਣ ਵਾਲਿਆਂ ਨੂੰ ਤਾੜਨਾ ਕੀਤੀ ਗਈ ਹੈ ਕਿ ਡੇਰੇ ਦੇ ਨਾਮ ਉੱਤੇ ਜੋ Fake Id’s ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਬੰਦ ਕਰ ਦੇਣ ਨਹੀਂ ਤਾਂ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।