India

ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਹੋਈ ਖਤਮ, ਜੇਲ੍ਹ ਵਿੱਚ ਹੋਈ ਵਾਪਸੀ

ਦ ਖ਼ਾਲਸ ਬਿਊਰੋ : ਬਲਾ ਤਕਾਰੀ ਸਾਧ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਖਤਮ ਹੋ ਜਾਣ ਤੋਂ ਬਾਅਦ ਸੁਨਾਰਿਆ ਜੇਲ੍ਹ ਵਿੱਚ ਉਸ ਦੀ ਵਾਪਸੀ ਹੋ ਗਈ ਹੈ।ਇਸ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਗਿਆ ਤੇ ਕੱਲ ਦੇਰ ਸ਼ਾਮ ਉਸ ਨੂੰ ਜੇਲ੍ਹ ਵਿੱਚ ਵਾਪਸ ਲਿਆਂਦਾ ਗਿਆ । ਜੇਲ੍ਹ ਵਿਭਾਗ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ ਇੱਕ ਮਹੀਨੇ ਦੀ ਪੈਰੋਲ ਦਿੱਤੀ ਸੀ। 17 ਜੂਨ ਦੀ ਸਵੇਰ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਅਤੇ ਉਹ ਪੈਰੋਲ ਦੀ ਮਿਆਦ ਦੌਰਾਨ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਹੀ ਰਿਹਾ ਤੇ ਉਥੋਂ ਹੀ ਆਪਣੇ ਪੈਰੋਕਾਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।

ਉਸ ਦੇ ਬਾਹਰ ਆਉਣ ‘ਤੇ ਇੱਕ ਨਵੀਂ ਤੇ ਅਜੀਬ ਘਟਨਾ ਵੀ ਦੇਖਣ ਨੂੰ ਮਿਲੀ ਜਦੋਂ ਉਸ ਦੇ ਹੀ ਪੈਰੋਕਾਰ ਡੇਰਾ ਪ੍ਰੇਮੀਆਂ ਨੇ ਉਸ ਨੂੰ ਬਹਿਰੂਪਿਆ ਤੱਕ ਆਖ ਦਿੱਤਾ ਤੇ ਦਾਅਵਾ ਕੀਤਾ ਕਿ ਅਸਲੀ ਰਾਮ ਰਹੀਮ ਨੂੰ ਅਗਵਾ ਕਰ ਲਿਆ ਹੈ ਤੇ ਉਸ ਦੀ ਜਾਨ ਖਤਰੇ ਵਿੱਚ ਹੈ। ਇਥੇ ਹੀ ਬੱਸ ਨਹੀਂ ,ਸਗੋਂ ਹਾਈ ਕੋਰਟ ਵਿੱਚ ਅਪੀਲ ਵੀ ਕਰ ਦਿੱਤੀ ਗਈ ਕਿ ਇਹ ਨਕਲੀ ਰਾਮ ਰਹੀਮ ਹੈ ਕਿਉਂਕਿ ਇਸ ਦੇ ਕੱਦ ਵਿੱਚ ਹੀ ਫਰਕ ਹੈ ਤੇ ਇਸ ਦਾ ਵਿਵਹਾਰ ਵੀ ਬਦਲਿਆ ਹੋਇਆ ਹੈ,ਸੋ ਇਸ ਮਾਮਲੇ ਦਾ ਜਾਂਚ ਕੀਤੀ ਜਾਵੇ ।

ਜਿਸ ਤੇ ਅਦਾਲਤ ਨੇ ਡੇਰਾ ਪ੍ਰੇਮੀਆਂ ਤੇ ਉਹਨਾਂ ਦੇ ਵਕੀਲ ਨੂੰ ਨਾ ਸਿਰਫ ਚੰਗੀ ਫਟਕਾਰ ਲਾਈ ਸਗੋਂ ਅਪੀਲ ਨੂੰ ਵੀ ਖਾਰਜ ਕਰ ਦਿੱਤਾ ।ਇਸ ਮਾਮਲੇ ਵਿੱਚ ਡੇਰਾ ਸਾਧ ਨੂੰ ਖੁੱਦ ਅੱਗੇ ਆ ਕੇ ਸਫਾਈ ਦੇਣੀ ਪਈ ਸੀ ਕਿ ਉਹ ਹੀ ਅਸਲੀ ਰਾਮ ਰਹੀਮ ਹੈ। ਉਸਨੇ ਇੱਕ ਸਤਿਸੰਗ ਦੌਰਾਨ ਵਿਅੰਗਮਈ ਲਹਿਜੇ ਵਿਚ ਕਿਹਾ ਕਿ ਮੈਂ ਪਤਲਾ ਕੀ ਹੋਇਆ, ਲੋਕਾਂ ਨੇ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ। ਆਪਣੇ ਇਸ ਸਪਸ਼ਟੀਕਰਨ ਦੌਰਾਨ ਉਸ ਨੇ ਖੁੱਦ ਨੂੰ ਕਾਨੂੰਨ ਦਾ ਪਾਲਣ ਕਰਨ ਵਾਲਾ ਵਿਅਕਤੀ ਦਸਿਆ ਤੇ ਇਹ ਵੀ ਕਿਹਾ ਸੀ ਕਿ ਜੋ ਸੰਗਤ ਡੇਰੇ ਨਾਲ ਜੁੜੀ ਹੈ, ਉਹ ਜਾਣਦੀ ਹੈ ਕਿ ਉਨ੍ਹਾਂ ਦਾ ਗੁਰੂ ਉਹੀ ਹੈ ਜਾਂ ਕੋਈ ਹੋਰ। ਰਾਮ ਰਹੀਮ ਨੇ ਕਿਹਾ ਕਿ ਜਦੋਂ ਅਦਾਲਤ ਨੇ ਹੀ ਇਸ ਬਾਰੇ ਸਭ ਕੁਝ ਕਹਿ ਦਿੱਤਾ ਹੈ ਤਾਂ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ।