‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾਬੱਸੀ ਰਾਮਲੀਲਾ ਗਰਾਊਂਡ ਦੇ ਨੇੜੇ ਮਾਰਕਿਟ ਦੇ ਦੁਕਾਨਦਾਰਾਂ ਨੇ ਰਾਮਲੀਲਾ ਗਰਾਊਂਡ ਅਤੇ ਬੱਸ ਸਟੈਂਡ ਤੋਂ ਆਉਂਦੇ ਰਸਤੇ ਉੱਤੇ ਲੱਗੀਆਂ ਨਾਜਾਇਜ਼ ਫੜੀਆਂ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਰੋਸ ਮਾਰਚ ਕੱਢਿਆ ਗਿਆ।
ਰਾਮਲੀਲਾ ਗਰਾਊਂਡ ਅਤੇ ਇਸਦੇ ਨਾਲ ਲੱਗਦੀ ਮਾਰਕਿਟ ਵਿੱਚ ਡੇਰਾਬੱਸੀ ਅਤੇ ਇਸਦੇ ਨਾਲ ਲੱਗਦੇ 25 ਤੋਂ 30 ਪਿੰਡਾਂ ਦੇ ਲੋਕ ਵਾਹਨਾਂ ਰਾਹੀਂ ਸਾਮਾਨ ਖਰੀਦਣ ਆਉਂਦੇ ਹਨ। ਬਾਜ਼ਾਰ ਵਿੱਚ ਆਉਣ ਲੱਗਿਆਂ ਇਨ੍ਹਾਂ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਬਾਜ਼ਾਰ ਵਿੱਚ ਆਉਣ ਵਾਲੇ ਰਸਤੇ ਅਤੇ ਗਰਾਊਂਡ ਵਿੱਚ ਰੇਹੜੀ ਫੜੀਆਂ ਵਾਲੇ ਆਪਣੀਆਂ ਦੁਕਾਨਾਂ ਲਗਾ ਕੇ ਬੈਠੇ ਹੁੰਦੇ ਹਨ।
ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਦੱਸਿਆ ਕਿ ਕੁੱਝ ਦੁਕਾਨਦਾਰਾਂ ਵੱਲੋਂ ਤਾਂ ਪੱਕੇ ਟੈਂਟ ਲਗਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਸ ਕਰਕੇ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਦੀਆਂ ਦੁਕਾਨਾਂ ਅੱਗੇ ਗਾਹਕਾਂ ਨੂੰ ਆਪਣੇ ਵਾਹਨ ਖੜੇ ਕਰਨ ਦੀ ਥਾਂ ਨਾ ਮਿਲਣ ਕਰਕੇ ਉਹ ਦੂਜੇ ਬਾਜ਼ਾਰਾਂ ਦਾ ਰੁਖ਼ ਕਰਨ ਲੱਗ ਪਏ ਹਨ, ਜਿਸ ਕਰਕੇ ਉਨ੍ਹਾਂ ਦਾ ਵਪਾਰਕ ਤੌਰ ਉੱਤੇ ਕਾਫ਼ੀ ਨੁਕਸਾਨ ਹੋ ਰਿਹਾ ਹੈ। ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦਾ ਕਿਰਾਇਆ ਕੱਢਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਇਸ ਵਰਤਾਰੇ ਨੂੰ ਹਾਲੇ ਸਿਰਫ਼ ਛੇ ਸੱਤ ਮਹੀਨੇ ਹੀ ਹੋਏ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਨ੍ਹਾਂ ਵੱਲ਼ੋਂ ਪਾਰਕਿੰਗ ਏਰੀਆ ਵਿੱਚ ਰੇਹੜੀਆਂ ਲਗਾਈਆਂ ਗਈਆਂ ਹਨ।
ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਨਗਰ ਕੌਂਸਲ ਅਤੇ ਐੱਸਡੀਐੱਮ ਤੋਂ ਇਲਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਰਾਮਲੀਲਾ ਗਰਾਊਂਡ ਦੀ ਮਾਰਕਿਟ ਦੇ ਸਾਹਮਣੇ ਆਉਣ ਵਾਲੇ ਰਸਤੇ ਵਿੱਚ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਹੈ।