Punjab

ਸਰਕਾਰੀ ਡਿਪੂ ‘ਤੇ ਰਾਸ਼ਨ ਲੈਣ ਪਹੁੰਚੇ ਲੋਕਾਂ ਦਾ ਹੋ ਰਿਹਾ ਹੈ ਜਬਰੀ ਕੋਰੋਨਾ ਟੈਸਟ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਖੰਨਾ ‘ਚ ਇੱਕ ਸਰਕਾਰੀ ਰਾਸ਼ਨ ਡਿਪੂ ‘ਤੇ ਰਾਸ਼ਨ ਲੈਣ ਪਹੁੰਚੇ ਲੋਕਾਂ ਦਾ ਰਾਸ਼ਨ ਪਰਚੀ ਕੱਟਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਲਲਹੇੜੀ ਰੋਡ ’ਤੇ ਓਵਰ ਬ੍ਰਿਜ ਦੇ ਹੇਠ ਡਿਪੂ ਦੇ ਮਾਲਕ ਤੇ ਨਗਰ ਕੌਸਲ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ, ਅਤੇ ਠੀਕ ਇਸ ਦੇ ਸਾਹਮਣੇ ਆਦਰਸ਼ ਸਿਨੇਮਾ ਵਿਖੇ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲਿੰਗ ਲਈ ਕੈਂਪ ਲਾਇਆ ਹੋਇਆ ਸੀ।

ਰਾਸ਼ਨ ਲੈਣ ਪਹੁੰਚੇ ਲੋਕਾਂ ਨੇ ਦੱਸਿਆ ਕਿ ਰਾਸ਼ਨ ਡਿਪੂ ਤੋਂ ਬਗੈਰ ਟੈਸਟ ਕਰਵਾਉਣ ਤੋਂ ਰਾਸ਼ਨ ਪਰਚੀ ਨਹੀਂ ਕੱਟੀ ਜਾ ਰਹੀ ਹੈ। ਜਿਸ ਨੂੰ ਵੇਖਦਿਆਂ ਟੈਸਟ ਕਰਵਾਉਣ ਲਈ ਸਿਨੇਮਾ ‘ਚ ਲੋਕਾਂ ਦੀ ਭੀੜ ਲੱਗ ਗਈ, ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਨਾ ਕਰਦੇ ਹੋਏ ਲੋਕ ਟੈਸਟ ਲਈ ਧੱਕਾ-ਮੁੱਕੀ ਕਰਨ ਲੱਗ ਪਏ। ਡਿਪੂ ਹੋਲਡਰ ਸੁਦਰਸ਼ਨ ਬੱਤਰਾ ਨੇ ਕਿਹਾ ਕਿ ਪਰਚੀ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਜ਼ੁਬਾਨੀ ਨਿਰਦੇਸ਼ ਦਿੱਤੇ ਗਏ ਹਨ।

ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ। ਕਈ ਦਿਨਾਂ ਤੋਂ ਸ਼ਹਿਰ ਦੇ ਵੱਖ – ਵੱਖ ਇਲਾਕਿਆਂ ਵਿੱਚ ਕੋਰੋਨਾ ਜਾਂਚ ਕੈਂਪ ਲੱਗ ਰਹੇ ਹਨ। ਇਸ ਲਈ ਲੋਕਾਂ ਤੋਂ ਸਿਰਫ ਸਹਿਯੋਗ ਮੰਗਿਆ ਜਾਂਦਾ ਹੈ ਪਰ ਕੋਈ ਜਬਰੀ ਟੈਸਟ ਨਹੀਂ ਕੀਤੇ ਜਾਂਦੇ।