Punjab

ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਚੇਤਾਵਨੀ, ਅਗਲੇ 4 ਦਿਨਾਂ ਬਾਰੇ ਨਵੀਂ ਜਾਣਕਾਰੀ ਆਈ…

ਚੰਡੀਗੜ੍ਹ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦਾ ਰੈੱਡ ਅਲਰਟ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਅਗਲੇ 02 ਦਿਨਾਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ‘ਤੇ ਅਤੇ ਉਸ ਤੋਂ ਬਾਅਦ ਕੁਝ ਥਾਵਾਂ ‘ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਹੈ। ਇਸ ਦੇ ਨਾਲ ਹੀ 29 ਦਸੰਬਰ ਨੂੰ ਸੂਬੇ ਵਿੱਚ ਸੰਘਣੀ ਧੁੰਦ ਪੈਣ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਗੁਆਂਢੀ ਸੂਬੇ ਹਰਿਆਣਆ ਦੀ ਗੱਲ ਕਰੀਏ ਤਾਂ ਅਗਲੇ 02 ਦਿਨਾਂ ਦੌਰਾਨ ਇੱਥੇ ਕਈ ਥਾਵਾਂ ‘ਤੇ ਅਤੇ ਉਸ ਤੋਂ ਬਾਅਦ ਕੁਝ ਥਾਵਾਂ ‘ਤੇ ਧੁੰਦ ਪੈਣ ਦੀ ਸੰਭਾਵਨਾ ਹੈ।

ਜੇਕਰ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੁੱਖ ਤੌਰ ‘ਤੇ ਖ਼ੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 3-4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

ਅੱਜ ਸਵੇਰੇ ਸਾਢੇ ਅੱਠ ਵਜੇ ਤੱਕ ਪੰਜਾਬ ਅਤੇ ਹਰਿਆਣਾ ਦੀਆਂ ਬਹੁਤ ਸਾਰੀਆਂ ਥਾਵਾਂ ‘ਤੇ ਬਹੁਤ ਸੰਘਣੀ ਧੁੰਦ ਦੇਖੀ ਗਈ । ਇਸ ਦੇ ਨਾਲ ਹੀ ਸਵੇਰੇ ਸਾਢੇ ਅੱਠ ਵਜੇ ਤੱਕ ਪੰਜਾਬ ਦੇ ਜ਼ਿਲ੍ਹਿਆਂ ਲੁਧਿਆਣਾ (10 ਮੀਟਰ), ਅੰਮ੍ਰਿਤਸਰ (00 ਮੀਟਰ), ਪਟਿਆਲਾ (10 ਮੀਟਰ) ਅਤੇ ਆਦਮਪੁਰ, ਬਠਿੰਡਾ ਅਤੇ ਹਲਵਾਰਾ ਵਿੱਚ 50 ਮੀਟਰ ਤੋਂ ਘੱਟ ਵਿਜ਼ੀਬਿਲਟੀ ਰਿਪੋਰਟ ਕੀਤੀ ਗਈ ਹੈ। ਗੁਆਂਢੀ ਸੂਬੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਹਿਸਾਰ (40 ਮੀਟਰ), ਅੰਬਾਲਾ (20 ਮੀਟਰ), ਕਰਨਾਲ ਅਤੇ ਸਿਰਸਾ (20 ਮੀਟਰ) ਵਿਜ਼ੀਬਿਲਟੀ ਰਿਪੋਰਟ ਨੋਟ ਕੀਤੀ ਗਈ।