India

ਹਰਿਆਣਾ-ਪੰਜਾਬ ਵਿੱਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ ਰੈੱਡ ਜ਼ੋਨ ਵਿੱਚ, ਮੁਰਥਲ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਹਿਸਾਰ, ਨਾਥੂਸਰੀ ਚੌਪਾਟਾ, ਏਲਨਾਬਾਦ, ਫਤਿਹਾਬਾਦ, ਰਣੀਆ, ਕੈਥਲ, ਨਰਵਾਣਾ, ਨਾਸਰਸਾ, ਟੋਹਾਣਾ, ਕਲਾਇਤ, ਰਤੀਆ, ਡੱਬਵਾਲੀ, ਗੁਹਲਾ, ਪਿਹੋਵਾ, ਅੰਬਾਲਾ, ਕਾਲਕਾ, ਪੰਚਕੂਲਾ ਵਿੱਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਇਨ੍ਹਾਂ ਖੇਤਰਾਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਨੂੰ ਲੈ ਕੇ ਕੁਰੂਕਸ਼ੇਤਰ, ਕੈਥਲ, ਕਰਨਾਲ, ਰੇਵਾੜੀ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਣੀਪਤ, ਜੀਂਦ, ਚਰਖੀ ਦਾਦਰੀ ਨੂੰ ਅਲਰਟ ‘ਤੇ ਰੱਖਿਆ ਹੈ।

ਹਰਿਆਣੇ ਦਾ ਮੁਰਥਲ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਸੀ। ਇੱਥੇ AQI 451 ਦਰਜ ਕੀਤਾ ਗਿਆ। ਇੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਖਰਾਬ ਹੈ। AQI ਜੀਂਦ ਵਿੱਚ 378, ਗੁਰੂਗ੍ਰਾਮ ਵਿੱਚ 289, ਭਿਵਾਨੀ ਵਿੱਚ 288, ਫਰੀਦਾਬਾਦ ਵਿੱਚ 282, ਬਹਾਦਰਗੜ੍ਹ ਵਿੱਚ 270 ਅਤੇ ਰੋਹਤਕ ਵਿੱਚ 227 ਦਰਜ ਕੀਤਾ ਗਿਆ। ਹਰਿਆਣਾ ਦੇ ਸ਼ਹਿਰਾਂ ਦੇ AQI ਦਾ ਇਹ ਅੰਕੜਾ 16 ਨਵੰਬਰ ਨੂੰ ਸਵੇਰੇ 6 ਵਜੇ ਦਾ ਹੈ।

ਦੂਜੇ ਪਾਸੇ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ-ਚੰਡੀਗੜ੍ਹ ‘ਚ 17 ਨਵੰਬਰ ਤੱਕ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਅੱਜ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।