ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਹੈ। ਇਸੇ ਕੜ੍ਹੀ ਤਹਿਤ ਅੱਜ ਮੋਹਾਲੀ ਏਅਰਪੋਰਟ ਰੋਡ ਵਿਖੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸੜਕ ਦੇ ਦੋਵੇਂ ਪਾਸੇ ਰੋਡ ਜ਼ਾਮ ਕਰ ਦਿੱਤਾ ਗਿਆ ਹੈ ਜਿਸ ਨਾਲ ਆਵਾਜਾਈ ਠੱਪ ਹੋ ਗਈ ਹੈ। ਅਧਿਆਪਕ ਪਿਛਲੇ ਕਈ ਸਾਲਾਂ ਤੋਂ ਇਹਨਾਂ ਅਸਾਮੀਆਂ ਤੇ ਨਿਯੁਕਤੀ ਲਈ ਇੰਤਜ਼ਾਰ ਕਰ ਰਹੇ ਹਨ। ਅਦਾਲਤ ਵਿੱਚ ਕੇਸ ਵੀ ਚੱਲਿਆ ਹੈ,ਇਹਨਾਂ ਦੀ ਨਿਯੁਕਤੀ ਲਈ ਹੁਕਮ ਵੀ ਅਦਾਲਤ ਨੇ ਜਾਰੀ ਕਰ ਦਿੱਤੇ ਹਨ ਪਰ ਹਾਲੇ ਵੀ ਮੈਰਿਟ ਸੂਚੀ ਜਾਰੀ ਨਹੀਂ ਹੋਈ ਹੈ। ਜਿਸ ਕਾਰਨ ਹੁਣ ਇਹਨਾਂ ਨੂੰ ਸੰਘਰਸ਼ ਦਾ ਰਾਹ ਫੜਨਾ ਪੈ ਰਿਹਾ ਹੈ ।
ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ 1 ਸਾਲ ਪਹਿਲਾਂ ਵੀ ਉਨ੍ਹਾਂ ਨੇ ਮੁੱਖ ਅੱਜ ਦੇ ਦਿਨ ਹੀ ਇਸ ਟੈਂਕੀ ‘ਤੇ ਚੜ੍ਹ ਕੇ ਰੋਸ ਕੀਤਾ ਸੀ, ਜਿਸ ‘ਤੇ ਉਸ ਸਮੇਂ ਦੀ ਕਾਂਗਰਸ ਦੀ ਚੰਨੀ ਸਰਕਾਰ ਨੇ ਨੇ ਉਨ੍ਹਾਂ ਨਾਲ ਵਾਅਦਾ ਵੀ ਕੀਤਾ ਸੀ। ਇਸਤੋ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਉਸ ਸਮੇਂ ਆਪਣੀ ਪਾਰਟੀ ਆਉਣ ‘ਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਕਿ ਸਰਕਾਰ ਬਣਦਦਿਆਂ ਪਹਿਲੇ ਹੱਲੇ ਹੀ ਤੁਹਾਡੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲਈਆਂ ਜਾਣਗੀਆਂ, ਪਰੰਤੂ ਸਰਕਾਰ ਦੀ ਨਾਲਾਇਕੀ ਕਾਰਨ ਉਨ੍ਹਾਂ ਨੂੰ ਮੁੜ ਟੈਂਕੀ ‘ਤੇ ਚੜ੍ਹਨਾ ਪਿਆ ਹੈ।
ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਇਥੇ ਹੀ ਬੈਠੇ ਰਹਿਣਗੇ। ਜ਼ਿਕਰਯੋਗ ਹੈ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਅਤੇ ਇੱਕ ਵੀ ਮੰਨਾਂ ਨਹੀਂ ਮੰਨੀਆਂ ਗਈਆਂ ਹਨ। ਇਥੋਂ ਤੱਕ ਕਿ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਰਿਹਾਇਸ਼ਾ ਦਾ ਵੀ ਘਿਰਾਓ ਕੀਤਾ ਜਾ ਰਿਹਾ ਹੈ, ਜਿਸ ਦੀਆਂ ਰੋਜ਼ਨਾਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਦੋ ਅਧਿਆਪਕਾਂ ਨੇ ਪਾਣੀ ਦੀ ਟੈਂਕੀ ਤੇ ਚੜ ਕੇ ਵਿਰੋੜ ਪ੍ਰਦਰਸ਼ਨ ਕੀਤਾ ਸੀ ਤਾਂ ਜੋ ਸਰਕਾਰ ਤੱਕ ਇਹਨਾਂ ਦੀ ਆਵਾਜ਼ ਪਹੁੰਚ ਸਕੇ। ਇਹਨਾਂ ਵਿੱਚ ਸਿੱਪੀ ਸ਼ਰਮਾ ਨਾਂ ਦੀ ਅਧਿਆਪਕਾ ਵੀ ਸ਼ਾਮਲ ਹੈ, ਜਿਸ ਨੂੰ ਪਿਛਲੇ ਪ੍ਰਦਰਸ਼ਨਾਂ ਦੇ ਦੋਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਕਹਿ ਕੇ ਟੈਂਕੀ ਤੋਂ ਥੱਲੇ ਲਾਹਿਆ ਸੀ।
ਧਰਨਾ ਦੇ ਰਹੇ ਅਧਿਆਪਕਾਂ ਨੇ ਦੱਸਿਆ ਹੈ ਕਿ ਸੰਨ 2011 ਦਾ ਇਹ ਮਾਮਲਾ ਲੱਟਕ ਰਿਹਾ ਹੈ ।ਉਦੋਂ 646 ਪੋਸਟਾਂ ਸਰਕਾਰ ਨੇ ਕੱਢੀਆਂ ਸੀ। ਜਿਸ ਲਈ ਅਣਅਧਿਕਾਰਤ ਟੈਸਟ ਦੇਣ ਲਈ ਕਿਹਾ ਗਿਆ ਪਰ 2016 ਵਿੱਚ ਇਸ ਤੇ ਵੀ ਹਾਈਕੋਰਟ ਨੇ ਸਟੇਅ ਲਾ ਦਿੱਤਾ। ਇਸ ਤੋਂ ਬਾਅਦ ਲਗਾਤਾਰ ਇਹ ਕੇਸ ਚੱਲਿਆ ਹੈ ਤੇ ਪਿਛਲੇ ਸਾਲ ਇਸ ਸਬੰਧ ਵਿੱਚ ਅਦਾਲਤ ਨੇ ਫੈਸਲਾ ਦਿੱਤਾ ਕਿ ਇਹਨਾਂ ਨਿਯੁਕਤੀਆਂ ਲਈ ਕੋਈ ਟੈਸਟ ਨਹੀਂ ਬਣਦਾ ਹੈ,ਸੋ ਮੈਰਿਟ ਦੇ ਆਧਾਰ ਤੇ ਇਹ ਭਰਤੀ ਕੀਤੀ ਜਾਵੇ।