The Khalas Tv Blog India ਭਾਜਪਾ ਦਾ ਵਾਰ “ਪੰਥ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ‘ਫ਼ਖ਼ਰ-ਏ-ਕੌਮ’ ਕਹਾਉਣ ਦੇ ਹੱਕਦਾਰ ਨਹੀਂ ਬਾਦਲ”,ਐਵਾਰਡ ਵਾਪਸ ਕਰਨ ਦੀ ਕੀਤੀ ਮੰਗ
India Punjab

ਭਾਜਪਾ ਦਾ ਵਾਰ “ਪੰਥ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ‘ਫ਼ਖ਼ਰ-ਏ-ਕੌਮ’ ਕਹਾਉਣ ਦੇ ਹੱਕਦਾਰ ਨਹੀਂ ਬਾਦਲ”,ਐਵਾਰਡ ਵਾਪਸ ਕਰਨ ਦੀ ਕੀਤੀ ਮੰਗ

ਦਿੱਲੀ : ਹਾਈ ਕੋਰਟ ਵਿੱਚ ਐਲ ਕੇ ਯਾਦਵ ਵਾਲੀ ਐਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਸੰਬੰਧੀ ਪੇਸ਼ ਕੀਤੇ ਗਏ ਚਲਾਨ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸਾਹਮਣੇ ਆਇਆ ਹੈ ,ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।

ਇਹ ਮੰਗ ਸਭ ਤੋਂ ਪਹਿਲਾਂ ਕਿਸੇ ਹੋਰ ਨੇ ਨਹੀਂ ਸਗੋਂ ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ ਦੇ ਆਗੂ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਸਰਚਾਂਦ ਸਿੰਘ ਨੇ ਕੀਤੀ ਹੈ। ਉਹਨਾਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਸ੍ਰੀ ਬਾਦਲ ਨੂੰ ਦਿੱਤਾ ਗਿਆ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲਿਆ ਜਾਵੇ। ਭਾਜਪਾ ਆਗੂ ਨੇ ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਖੱਤ ਵੀ ਲਿੱਖਿਆ ਹੈ,ਜਿਸ ਵਿੱਚ ਉਹਨਾਂ ਕਿਹਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਮਦਦ ਦੇਣ ਦੇ ਗੰਭੀਰ ਦੋਸ਼ ਸਾਹਮਣੇ ਆਉਣ ਨਾਲ ਸਾਬਕਾ ਮੁੱਖ ਮੰਤਰੀ ਨੇ ਪੰਥ ਦਾ ਵਿਸ਼ਵਾਸ ਗੁਆ ਲਿਆ ਹੈ। ਇਸ ਲਈ ਉਹ ‘ਫ਼ਖ਼ਰ-ਏ-ਕੌਮ’ ਕਹਾਉਣ ਦਾ ਹੁਣ ਕੋਈ ਹੱਕ ਨਹੀਂ ਰੱਖਦੇ, ਉਨ੍ਹਾਂ ਨੂੰ ਇਹ ਸਨਮਾਨ ਤੁਰੰਤ ਵਾਪਸ ਕਰ ਦੇਣਾ ਚਾਹੀਦਾ ਹੈ।

ਇਸੇ ਤਰ੍ਹਾਂ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ (ਜਥੇਦਾਰ) ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਤੋਂ ਬਰੀ ਹੋਣ ਤੱਕ ਆਪਣਾ ‘ਫ਼ਖ਼ਰ-ਏ-ਕੌਮ’ ਵਾਪਸ ਕਰਨ ਲਈ ਕਹਿਣਾ ਚਾਹੀਦਾ ਹੈ।

ਹਾਲਾਕਿ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਦਾਇਰ ਚਾਰਜਸ਼ੀਟ ਨੂੰ ਮਨਘੜਤ, ਫਰਜ਼ੀ ਤੇ ਝੂਠੀ ਕਰਾਰ ਦਿੱਤਾ ਹੈ ।

Exit mobile version