Punjab Religion

ਪੰਜਾਬ ’ਚ ਸੂਬਾ ਪੱਧਰੀ ਕ੍ਰਿਸਮਸ ਸਮਾਗਮ ਕਰਾਉਣ ਦੀ ਮੰਗ

ਬਿਊਰੋ ਰਿਪੋਰਟ (ਚੰਡੀਗੜ੍ਹ, 20 ਨਵੰਬਰ 2025): ਪੰਜਾਬ ਵਿੱਚ ਇਸ ਸਾਲ ਸੂਬਾ ਪੱਧਰੀ ਕ੍ਰਿਸਮਸ ਸਮਾਗਮ ਕਰਵਾਉਣ ਦੀ ਮੰਗ ਨੂੰ ਲੈ ਕੇ ਮਸੀਹੀ ਮਹਾਸਭਾ (MMS) ਨੇ ਪੰਜਾਬ ਸਰਕਾਰ ਨਾਲ ਰਸਮੀ ਤੌਰ ’ਤੇ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮਸੀਹੀ ਮਹਾਸਭਾ ਦੀ ਇੱਕ ਅਹਿਮ ਮੀਟਿੰਗ ਵਿੱਚ ਲਿਆ ਗਿਆ।

ਮੀਟਿੰਗ ਦੀ ਅਗਵਾਈ ਰੋਮਨ ਕੈਥੋਲਿਕ ਚਰਚ ਦੇ ਫਾਦਰ ਵਿਲੀਅਮ ਸਹੋਤਾ, ਕਨਵੀਨਰ, ਅਤੇ ਚਰਚ ਆਫ਼ ਨੌਰਥ ਇੰਡੀਆ (CNI) ਦੇ ਅੰਮ੍ਰਿਤਸਰ ਡਾਇਓਸਿਸ ਦੇ ਸਕੱਤਰ ਅਤੇ ਐਮਐਮਐਸ ਦੇ ਕੋ-ਕਨਵੀਨਰ ਡੇਨੀਅਲ ਬੀ. ਦਾਸ ਨੇ ਕੀਤੀ।

ਈਸਾਈ ਭਾਈਚਾਰੇ ਦੀ ਮੰਗ

ਈਸਾ ਮਸੀਹ ਦਾ ਜਨਮ ਦਿਹਾੜਾ: ਫਾਦਰ ਵਿਲੀਅਮ ਸਹੋਤਾ ਨੇ ਕਿਹਾ ਕਿ ਕ੍ਰਿਸਮਸ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਮੌਕਾ ਹੈ ਅਤੇ ਪੰਜਾਬ ਸਮੇਤ ਦੁਨੀਆ ਭਰ ਦੇ ਈਸਾਈ ਭਾਈਚਾਰੇ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਲਈ, ਇਸ ਸਾਲ ਸੂਬਾ ਪੱਧਰੀ ਸਮਾਗਮ ਆਯੋਜਿਤ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ।

ਜਥੇਬੰਦੀ ਨੂੰ ਮਜ਼ਬੂਤ ​​ਕਰਨ ’ਤੇ ਚਰਚਾ

ਮੀਟਿੰਗ ਵਿੱਚ ਮਸੀਹੀ ਮਹਾਸਭਾ ਨੂੰ ਹੋਰ ਮਜ਼ਬੂਤ ​​ਕਰਨ, ਪਿੰਡ ਅਤੇ ਜ਼ਿਲ੍ਹਾ ਪੱਧਰ ’ਤੇ ਇਸ ਦੀਆਂ ਇਕਾਈਆਂ ਨੂੰ ਸਰਗਰਮ ਕਰਨ ਅਤੇ ਪੰਜਾਬ ਦੇ ਈਸਾਈ ਭਾਈਚਾਰੇ ਨਾਲ ਜੁੜੇ ਮੁੱਦਿਆਂ ਨੂੰ ਇਕਜੁੱਟ ਹੋ ਕੇ ਉਠਾਉਣ ’ਤੇ ਵੀ ਡੂੰਘਾਈ ਨਾਲ ਚਰਚਾ ਕੀਤੀ ਗਈ। ਨੁਮਾਇੰਦਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰੀ ਸਕੀਮਾਂ ਅਤੇ ਘੱਟ ਗਿਣਤੀ ਭਲਾਈ ਨਾਲ ਸਬੰਧਤ ਲਾਭ ਭਾਈਚਾਰੇ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਏ ਜਾਣੇ ਚਾਹੀਦੇ ਹਨ।

ਪੰਜ ਪ੍ਰਮੁੱਖ ਚਰਚ ਸ਼ਾਮਲ

ਐਮਐਮਐਸ ਦੇ ਬੁਲਾਰਿਆਂ ਨੇ ਦੱਸਿਆ ਕਿ ਫਿਲਹਾਲ ਪੰਜ ਪ੍ਰਮੁੱਖ ਚਰਚ- ਰੋਮਨ ਕੈਥੋਲਿਕ, ਚਰਚ ਆਫ਼ ਨੌਰਥ ਇੰਡੀਆ, ਸੇਵੇਂਥ-ਡੇ ਐਡਵੈਂਟਿਸਟ, ਮੈਥੋਡਿਸਟ ਅਤੇ ਸੈਲਵੇਸ਼ਨ ਆਰਮੀ ਇਸ ਜਥੇਬੰਦੀ ਦਾ ਹਿੱਸਾ ਹਨ। ਜਥੇਬੰਦੀ ਦਾ ਟੀਚਾ ਹੈ ਕਿ ਜਲਦੀ ਹੀ ਹੋਰ ਈਸਾਈ ਫਿਰਕਿਆਂ ਨੂੰ ਵੀ ਇਸ ਵੱਡੀ ਛੱਤਰੀ ਸੰਸਥਾ (Umbrella Body) ਦੇ ਹੇਠਾਂ ਲਿਆਂਦਾ ਜਾਵੇ।

ਮੀਟਿੰਗ ਦੀ ਸ਼ੁਰੂਆਤ ਰੋਮਨ ਕੈਥੋਲਿਕ ਚਰਚ ਦੇ ਫਾਦਰ ਮਾਈਕਲ ਦੀ ਅਰਦਾਸ ਨਾਲ ਹੋਈ ਅਤੇ ਸਮਾਪਤੀ ਰੈਵਰੈਂਡ ਰਜਨੀ ਬਾਲਾ ਦੀ ਅਰਦਾਸ ਨਾਲ ਹੋਇਆ। ਇਸ ਮੌਕੇ ਗੀਤਾ ਗਿੱਲ ਉਪ-ਪ੍ਰਧਾਨ ਮਹਿਲਾ ਕਮਿਸ਼ਨ, ਡੇਨੀਅਲ ਮਸੀਹ ਚੇਅਰਮੈਨ ਕ੍ਰਿਸ਼ਚੀਅਨ ਵੈਲਫੇਅਰ ਬੋਰਡ, ਅਮਨਦੀਪ ਗਿੱਲ ਸਾਬਕਾ ਚੇਅਰਮੈਨ, ਤਰਸੇਮ ਸਹੋਤਾ ਸਾਬਕਾ ਉਪ-ਚੇਅਰਮੈਨ, ਰਾਕੇਸ਼ ਵਿਲੀਅਮ, ਅਲਬਰਟ ਦੁਆ, ਸੁਭਾਸ਼ ਥੋਬਾ ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ ਅਤੇ ਵਿਜੇ ਗਿੱਲ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਸਮੇਤ ਕਈ ਪ੍ਰਤੀਨਿਧ ਮੌਜੂਦ ਸਨ।