India Lok Sabha Election 2024

CWC ਬੈਠਕ ’ਚ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਮੰਗ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ‘ਚ ਸ਼ਨੀਵਾਰ ਨੂੰ ਦਿੱਲੀ ਦੇ ਅਸ਼ੋਕ ਹੋਟਲ ‘ਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਹੋਈ। ਮੀਟਿੰਗ ਵਿੱਚ ਕਮੇਟੀ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਮੰਗ ਕੀਤੀ ਹੈ। ਰਾਹੁਲ ਨੇ ਇਸ ‘ਤੇ ਸੋਚਣ ਲਈ ਸਮਾਂ ਮੰਗਿਆ ਹੈ। ਕਾਂਗਰਸ ਸੰਸਦੀ ਦਲ ਦੀ ਬੈਠਕ ਸ਼ਾਮ 5.30 ਵਜੇ ਸੰਸਦ ਦੇ ਸੈਂਟਰਲ ਹਾਲ ‘ਚ ਹੋਵੇਗੀ। ਇਸ ਵਿੱਚ ਸੰਸਦੀ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਖੜਗੇ ਨੇ ਕਿਹਾ- ਜਿੱਥੇ ਵੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਭਾਰਤ ਜੋੜੋ ਨਿਆਂਏ ਯਾਤਰਾ ਲੰਘੀ, ਉੱਥੇ ਪਾਰਟੀ ਦੀਆਂ ਸੀਟਾਂ ਵਧੀਆਂ ਹਨ। ਬੈਠਕ ‘ਚ ਸੋਨੀਆ, ਰਾਹੁਲ, ਪ੍ਰਿਅੰਕਾ ਗਾਂਧੀ ਸਮੇਤ ਕਈ ਵੱਡੇ ਨੇਤਾ ਮੌਜੂਦ ਸਨ। ਮੀਟਿੰਗ ਵਿੱਚ ਚੋਣ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਰਾਹੁਲ ਗਾਂਧੀ ਦੀ ਸੰਸਦੀ ਦਲ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਚੋਣ ਦੀ ਸਭ ਤੋਂ ਵੱਧ ਚਰਚਾ ਹੋਈ।

ਪਿਛਲੇ 10 ਸਾਲਾਂ ਤੋਂ ਨਹੀਂ ਹੈ ਵਿਰੋਧੀ ਧਿਰ ਦਾ ਲੀਡਰ

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਪਿਛਲੇ 10 ਸਾਲਾਂ ਤੋਂ ਖ਼ਾਲੀ ਪਿਆ ਹੈ। 2014 ਵਿੱਚ ਕਾਂਗਰਸ ਨੂੰ 44 ਅਤੇ 2019 ਵਿੱਚ 52 ਸੀਟਾਂ ਮਿਲੀਆਂ ਸਨ। ਲੋਕ ਸਭਾ ਵਿਰੋਧੀ ਧਿਰ ਦੇ ਅਹੁਦੇ ਲਈ ਲੋਕ ਸਭਾ ਦੀਆਂ ਕੁੱਲ ਸੀਟਾਂ ਦਾ 10 ਫੀਸਦੀ ਹੋਣਾ ਚਾਹੀਦਾ ਹੈ। ਭਾਵ ਕਾਂਗਰਸ ਨੂੰ ਇਸ ਲਈ 54 ਸੰਸਦ ਮੈਂਬਰਾਂ ਦੀ ਲੋੜ ਸੀ।

2014 ‘ਚ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਸਾਬਕਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੀ ਲੋਕ ਸਭਾ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਥੋੜ੍ਹਾ ਬਿਹਤਰ ਰਿਹਾ ਸੀ, ਪਰ ਫਿਰ ਵੀ ਉਹ 54 ਸੀਟਾਂ ਨਹੀਂ ਜਿੱਤ ਸਕੀ ਸੀ। ਅਧੀਰ ਰੰਜਨ ਚੌਧਰੀ ਨੂੰ ਕਾਂਗਰਸ ਦਾ ਨੇਤਾ ਬਣਾਇਆ ਗਿਆ ਪਰ ਫਿਰ ਵੀ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਬਣ ਸਕਿਆ।

ਇਹ ਵੀ ਪੜ੍ਹੋ – ਵਿਧੀਪੁਰ ਰੇਲਵੇ ਕਰਾਸਿੰਗ ਨੇੜੇ 2 ਲੋਕਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫਤਾਰ