‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਗਵੰਤ ਸਿੰਘ ਮਾਨ ਦੇ ਅੱਜ ਸਹੁੰ ਚੁੱਕ ਸਮਾਗਮ ਲਈ ਪੰਜਾਬੀਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ। ਬਸੰਤੀ ਰੰਗ ਦੀਆਂ ਪੱਗਾਂ ਦੀ ਵਿਕਰੀ ਚਾਰ ਗੁਣਾ ਵੱਧ ਗਈ ਹੈ। ਦਰਅਸਲ, ਭਗਵੰਤ ਮਾਨ ਨੇ ਲੋਕਾਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਬਸੰਤੀ ਪੱਗਾਂ ਬੰਨ੍ਹਣ ਦੀ ਅਪੀਲ ਕੀਤੀ ਸੀ। ਸੰਗਰੂਰ ਵਿੱਚੋਂ ਆਈ ਖਬਰ ਮੁਤਾਬਕ ਸ਼ਹਿਰ ਵਿੱਚੋਂ ਪੀਲੇ ਰੰਗ ਦਾ ਕੱਪੜਾ ਬਿਲਕੁਲ ਵੀ ਨਹੀਂ ਮਿਲ ਰਿਹਾ। ਪੰਜਾਬ ਭਰ ਵਿੱਚ ਪੱਗਾਂ ਦੀ ਡਿਮਾਂਡ ਵਧਣ ਕਾਰਨ ਦੁਕਾਨਦਾਰ ਬਹੁਤ ਖੁਸ਼ ਹਨ। ਦੁਕਾਨਦਾਰਾਂ ਮੁਤਾਬਕ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਪੰਜਾਬ ਵਿੱਚ ਇੱਕ ਟ੍ਰੈਂਡ ਬਣ ਗਿਆ ਹੈ ਕਿ ਨੌਜਵਾਨ ਬਸੰਤੀ ਪੱਗਾਂ ਬੰਨਣ ਲੱਗੇ ਹਨ। ਇੱਕ ਦੁਕਾਨਦਾਰ ਨੇ ਕਿਹਾ ਕਿ ਜਿਹੜੇ ਲੋਕ ਸਿੱਖੀ ਨਾਲ ਨਹੀਂ ਜੁੜੇ, ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ, ਉਹ ਵੀ ਪੀਲੀਆਂ ਪੱਗਾਂ ਬੰਨ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਪੀਲੇ ਰੰਗ ਦੇ ਕੱਪੜਿਆਂ ਦੀ ਬਹੁਤ ਵਿਕਰੀ ਹੋ ਰਹੀ ਹੈ।
