ਸੂਬੇ ਵਿੱਚ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੀ ਵਧ ਦਰਜ ਕੀਤੀ ਗਈ ਹੈ। ਮੰਗ ਪੂਰੀ ਕਰਨ ਲਈ ਪੀਐਸਪੀਸੀਐਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਹਾਸਲ ਕੀਤੀ ਜਦਕਿ ਇਕ ਸਰਕਾਰੀ ਥਰਮਲ ਦੇ ਦੋ ਯੂਨਿਟ ਬੰਦ ਹੋਣ ਕਾਰਨ 420 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਤ ਰਿਹਾ। ਜਦੋਂਕਿ ਦੂਸਰੇ ਸਰਕਾਰੀ ਥਰਮਲ ਦਾ ਪਿਛਲੇ ਸਾਲਾਂ ਤੋਂ ਬੰਦ ਪਿਆ ਇਕ ਯੂਨਿਟ ਇਸ ਵਾਰ ਵੀ ਨਹਂੀਂ ਚੱਲ ਸਕਿਆ ਹੈ। ਪੀਐੈਸਪੀਸੀਐਲ ਨੇ ਸਰਕਾਰੀ ਤੇ ਨਿਜੀ ਖੇਤਰ ਦੇ ਥਰਮਲਾਂ ਤੋਂ 5 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਹੈ। ਇਸ ਦੌਰਾਨ ਸੂਬੇ ਵਿਚ ਕਈ ਥਾਈਂ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਖੇਤਰ ਦੇ 840 ਮੈਗਾਵਾਟ ਸਮਰਥਾ ਵਾਲੇ ਰੋਪੜ ਥਰਮਲ ਪਲਾਂਟ ਦੇ ਪੰਜ ਤੇ ਛੇ ਨੰਬਰ ਯੂਨਿਟ ਤੋਂ ਬਿਜਲੀ ਪੈਦਾਵਾਰ ਨਹੀਂ ਹੋ ਸਕੀ ਹੈ। ਪੰਜ ਨੰਬਰ ਯੂਨਿਟ ਸਵੇਰੇ ਬੰਦ ਹੋਇਆ ਤੇ ਦੁਪਹਿਰ 12 ਵਜੇ ਚੱਲਿਆ ਪਰ ਕੁੱਝ ਘੰਟੇ ਬਾਅਦ ਮੁੜ ਇਸ ਯੂਨਿਟ ਵਿਚ ਤਕਨੀਕੀ ਨੁਕਸ ਕਰ ਕੇ ਬੰਦ ਹੋ ਗਿਆ। ਇਸ ਤੋਂ ਕੁੱਝ ਸਮੇਂ ਬਾਅਦ ਹੀ ਇਸੇ ਥਰਮਲ ਦਾ ਇਕ ਹੋਰ ਯੂਨਿਟ ਵੀ ਬੰਦ ਹੋ ਗਿਆ।
ਸਰਕਾਰੀ ਖੇਤਰ ਦੇ 920 ਮੈਗਾਵਾਟ ਸਮਰਥਾ ਵਾਲੇ ਚਾਰ ਯੂਨਿਟਾਂ ਵਿਚੋਂ ਦੋ ਨੰਬਰ ਯੂਨਿਟ ਬੰਦ ਰਹਿਣ ਕਰ ਕੇ 210 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਤ ਹੋਇਆ ਹੈ। ਨਿਜੀ ਖੇਤਰ ਦੇ 1400 ਮੈਗਾਵਾਟ ਸਮਰਥਾ ਵਾਲੇ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਤੀ ਸਾਬੋ ਥਰਮਲ ਤੋਂ ਪੂਰੀ ਸਮਰਥਾ ਨਾਲ ਬਿਜਲੀ ਉਤਪਾਦਨ ਜਾਰੀ ਰਿਹਾ। ਇਨ੍ਹਾਂ ਤੋਂ ਇਲਾਵਾ ਨਵਿਆਉਣਯੋਗ ਤੇ ਨਾ ਨਵਿਆਉਣਯੋਗ ਸਰੋਤਾਂ ਤੋਂ ਵੀ ਬਿਜਲੀ ਹਾਸਲ ਕੀਤੀ ਹੈ।
ਸਨਿਚਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਤਕ ਪੰਜਾਬ ਭਰ ਤੋਂ 80 ਹਜ਼ਾਰ ਤੋਂ ਵਧ ਬਿਜਲੀ ਬੰਦ ਸਬੰਧੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 60 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਤੇ ਬਾਕੀ ’ਤੇ ਕੰਮ ਜਾਰੀ ਰਿਹਾ। ਇਸ ਵਿਚ ਸੱਭ ਤੋਂ ਵਧ ਸ਼ਿਕਾਇਤਾਂ 11487 ਜ਼ੀਰਕਪੁਰ ਤੇ ਸੱਭ ਤੋਂ ਘੱਟ 13 ਸ਼ਿਕਾਇਤਾਂ ਦਿੜਬਾ ਤੋਂ ਆਈਆਂ ਹਨ। ਦਸਣਾ ਬਣਦਾ ਹੈ ਕਿ ਸ਼ੁਕਰਵਾਰ ਨੂੰ ਹੁਣ ਤਕ ਦੀ ਸੱਭ ਤੋਂ ਵਧ ਇਕ ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।