India

ਦਿੱਲੀ ’ਚ ਵੱਡਾ ਜਲ ਸੰਕਟ! ‘ਆਪ’ ਪਹੁੰਚੀ ਸੁਪਰੀਮ ਕੋਰਟ, ਕੇਜਰੀਵਾਲ ਨੇ ਯੂਪੀ, ਹਰਿਆਣਾ ਕੋਲੋਂ ਮੰਗਿਆ ਪਾਣੀ

Delhi Water Crises

ਕੌਮੀ ਰਾਜਧਾਨੀ ਦਿੱਲੀ ਵਿੱਚ ਪਾਣੀ ਦੀ ਗੰਭੀਰ ਸੰਕਟ ਬਣਿਆ ਹੋਇਆ ਹੈ। ਇਸ ਨੂੰ ਵੇਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ (31 ਮਈ) ਗੁਆਂਢੀ ਸੂਬਿਆਂ ਨੂੰ ਦਿੱਲੀ ਵਿੱਚ ਪਾਣੀ ਦੇ ਗੰਭੀਰ ਸੰਕਟ ਦੌਰਾਨ ਕੁਝ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸੀਐਮ ਕੇਜਰੀਵਾਲ ਨੇ ਇਸ ਸਬੰਧੀ ਐਕਸ ’ਤੇ ਪੋਸਟ ਪਾ ਕੇ ਗਵਾਂਢੀ ਸੂਬਿਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਨੂੰ ਘੱਟੋ-ਘੱਟ ਇੱਕ ਮਹੀਨੇ ਲਈ ਵਾਧੂ ਪਾਣੀ ਦੇਣ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਦੇ ਨਾਲ ਹੀ ਪਾਰਟੀ ਨੇ ਦਿੱਲੀ ਵਾਸੀਆਂ ਨੂੰ ਵੀ ਇਸ ‘ਐਮਰਜੈਂਸੀ ਸਥਿਤੀ’ ਵਿੱਚ ਪਾਣੀ ਬਚਾਉਣ ਵਿੱਚ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣਾ ਅਤੇ ਯੂਪੀ ਦੀਆਂ ਆਪਣੀਆਂ ਸਰਕਾਰਾਂ ਨੂੰ ਰਾਸ਼ਟਰੀ ਰਾਜਧਾਨੀ ਨੂੰ ਇੱਕ ਮਹੀਨੇ ਲਈ ਪਾਣੀ ਮੁਹੱਈਆ ਕਰਵਾਉਣ ਲਈ ਕਹੇ, ਅਤੇ ਕਿਹਾ ਕਿ ਇਹ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਸਮਾਂ ਨਹੀਂ ਹੈ। ‘ਆਪ’ ਸਰਕਾਰ ਦੇ ਖ਼ਿਲਾਫ਼ ਭਾਜਪਾ ਦੇ ਯੋਜਨਾਬੱਧ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ।

ਸੀਐਮ ਕੇਜਰੀਵਾਲ ਨੇ ਐਕਸ ’ਤੇ ਲਿਖਿਆ, “ਇਸ ਵਾਰ ਪੂਰੇ ਦੇਸ਼ ਵਿੱਚ ਬੇਮਿਸਾਲ ਗਰਮੀ ਪੈ ਰਹੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਪਾਣੀ ਅਤੇ ਬਿਜਲੀ ਦਾ ਸੰਕਟ ਬਣ ਹੈ। ਪਿਛਲੇ ਸਾਲ ਦਿੱਲੀ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 7438 ਮੈਗਾਵਾਟ ਸੀ। ਇਸ ਦੇ ਮੁਕਾਬਲੇ ਇਸ ਸਾਲ ਇਹ ਮੰਗ 8302 ਮੈਗਾਵਾਟ ਤੱਕ ਪਹੁੰਚ ਗਈ ਹੈ। ਪਰ ਇਸ ਦੇ ਬਾਵਜੂਦ ਦਿੱਲੀ ਵਿੱਚ ਬਿਜਲੀ ਦੀ ਸਥਿਤੀ ਕਾਬੂ ਵਿੱਚ ਹੈ, ਇੱਥੇ ਹੋਰ ਸੂਬਿਆਂ ਵਾਂਗ ਬਿਜਲੀ ਦੇ ਕੱਟ ਨਹੀਂ ਲੱਗ ਰਹੇ।”

ਕੇਜਰੀਵਾਲ ਨੇ ਅੱਗੇ ਲਿਖਿਆ, “ਇੰਨੀ ਭਿਆਨਕ ਗਰਮੀ ਵਿੱਚ ਪਾਣੀ ਦੀ ਮੰਗ ਬਹੁਤ ਵੱਧ ਗਈ ਹੈ। ਅਤੇ ਦਿੱਲੀ ਨੂੰ ਗੁਆਂਢੀ ਰਾਜਾਂ ਤੋਂ ਮਿਲਣ ਵਾਲਾ ਪਾਣੀ ਵੀ ਘਟਾ ਦਿੱਤਾ ਗਿਆ ਹੈ। ਭਾਵ ਮੰਗ ਬਹੁਤ ਵਧ ਗਈ ਅਤੇ ਸਪਲਾਈ ਘਟ ਗਈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਹੱਲ ਕਰਨਾ ਹੋਵੇਗਾ। ਮੈਂ ਦੇਖ ਰਿਹਾ ਹਾਂ ਕਿ ਭਾਜਪਾ ਦੇ ਦੋਸਤ ਸਾਡਾ ਵਿਰੋਧ ਕਰ ਰਹੇ ਹਨ। ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ।”

ਉਨ੍ਹਾਂ ਆਪਣੀ ਪੋਸਟ ਵਿੱਚ ਕਿਹਾ ਹੈ ਕਿ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਸਮੇਂ ਰਾਜਨੀਤੀ ਕਰਨ ਦੀ ਬਜਾਏ, ਆਓ ਮਿਲ ਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਦੇਈਏ। ਜੇ ਭਾਜਪਾ ਹਰਿਆਣਾ ਅਤੇ ਯੂਪੀ ਦੀਆਂ ਆਪਣੀਆਂ ਸਰਕਾਰਾਂ ਨਾਲ ਗੱਲ ਕਰੇ ਅਤੇ ਇੱਕ ਮਹੀਨੇ ਤੱਕ ਦਿੱਲੀ ਨੂੰ ਪਾਣੀ ਦਿਵਾਏ ਤਾਂ ਦਿੱਲੀ ਦੇ ਲੋਕ ਭਾਜਪਾ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕਰਨਗੇ। ਅਜਿਹੀ ਅੱਤ ਦੀ ਗਰਮੀ ਕਿਸੇ ਦੇ ਵੱਸ ਤੋਂ ਬਾਹਰ ਹੈ। ਪਰ ਜੇ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਤਾਂ ਕੀ ਅਸੀਂ ਲੋਕਾਂ ਨੂੰ ਰਾਹਤ ਦੇ ਸਕਦੇ ਹਾਂ।