ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਰਕਾਰ ਨੇ ਤਾਲਾਬੰਦੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿੱਚ ਤਾਲਾਬੰਦੀ ਹਟਾਉਣ ਦੀ ਪ੍ਰਕਿਰਿਆ ਅਗਲੇ ਸੋਮਵਾਰ ਸਵੇਰੇ ਪੰਜ ਵਜੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਦਿੱਲੀ ਦੇ ਐੱਲ ਜੀ ਨਾਲ ਕੀਤੀ ਗਈ ਮੀਟਿੰਗ ਵਿੱਚ ਮਾਹਿਰਾਂ ਨੇ ਕਿਹਾ ਕਿ ਤਾਲਾਬੰਦੀ ਸਮਾਜ ਦੇ ਸਭ ਤੋਂ ਜਰੂਰੀ ਵਰਗ ਤੋਂ ਹਟਾਉਣੀ ਸ਼ੁਰੂ ਕੀਤੀ ਜਾਵੇਗੀ। ਇਸ ਲਈ ਸਭ ਤੋਂ ਪਹਿਲਾਂ ਕੰਸਟਰਕਸ਼ਨ ਤੇ ਫੈਕਟਰੀਆਂ ਖੋਲ੍ਹੀਆਂ ਜਾਣਗੀਆਂ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਗਏ ਹਨ। ਇਸ ਲਈ ਆਕਸੀਜਨ ਤੇ ਆਈਸੀਯੂ ਬੈੱਡ ਵੀ ਖਾਲੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੌਲੀ ਹੌਲੀ ਤਾਲਾਬੰਦੀ ਹਟਾਉਣ ਦੀ ਇਹ ਪ੍ਰਕਿਰਿਆ ਠੀਕ ਰਹੀ ਤਾਂ ਬਾਕੀ ਸੈਕਟਰ ਵੀ ਖੋਲ੍ਹੇ ਜਾਣਗੇ। ਪਰ ਜੇਕਰ ਹਾਲਾਤ ਖਰਾਬ ਹੁੰਦੇ ਹਨ ਤਾਂ ਤਾਲਾਬੰਦੀ ਦਾ ਮੁੜ ਤੋਂ ਫੈਸਲਾ ਵੀ ਲਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇ।