India

ਦਿੱਲੀ ਦੇ ਸਿੱਖ ਕਰਨਗੇ ਅੱਜ ਸਿੱਖ ਚੋਣਾਂ ‘ਚ ਇਤਿਹਾਸਕ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਇੱਕ ਘੰਟੇ ਵਿੱਚ ਸਿਰਫ਼ 2.13 ਫੀਸਦੀ ਵੋਟਿੰਗ ਹੀ ਹੋਈ ਹੈ। ਇਸਦਾ ਕਾਰਨ ਦਿੱਲੀ ਵਿੱਚ ਪੈ ਰਿਹਾ ਮੀਂਹ ਅਤੇ ਰੱਖੜੀ ਦਾ ਤਿਉਹਾਰ ਵੀ ਹੋ ਸਕਦਾ ਹੈ ਕਿਉਂਕਿ ਅੱਜ ਲੋਕ ਵੋਟਿੰਗ ਨਾਲੋਂ ਰੱਖੜੀ ਦੇ ਤਿਉਹਾਰ ਨੂੰ ਜ਼ਿਆਦਾ ਤਵੱਜੋਂ ਦੇ ਰਹੇ ਹਨ। ਇਸ ਮੌਕੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੀ ਵੋਟ ਪਾਉਣ ਵੋਟਿੰਗ ਸੈਂਟਰ ਪਹੁੰਚੇ ਅਤੇ ਉੱਥੇ ਹੀ ਸਰਨਾ ਨੇ ਵੀ ਵੋਟ ਪਾਈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਰ ਵੋਟ ਦੇ ਹੱਕ ਦੀ ਵਰਤੋਂ ਕਰਕੇ ਇਨ੍ਹਾਂ ਚੋਣਾਂ ‘ਚ ਹਿੱਸਾ ਲੈਣ। ਵੋਟ ਪਾਉਣ ਆਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਇਹ ਚੋਣ ਬਹੁਤ ਇਤਿਹਾਸਕ ਹੋਵੇਗੀ। ਇਸ ਚੋਣ ਨੇ ਤੈਅ ਕਰਨਾ ਹੈ ਕਿ ਸਿੱਖਾਂ ਨੇ ਕਿਸ ਤਰ੍ਹਾਂ ਆਪਣੇ ਹੱਕਾਂ ਲਈ ਜਿਊਣਾ ਹੈ। ਸਰਕਾਰ ਵੱਲੋਂ ਚੋਣਾਂ ਲਈ ਇੰਤਜ਼ਾਮ ਬਹੁਤ ਮਾੜਾ ਕੀਤਾ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8.00 ਵਜੇ ਹੀ ਸ਼ੁਰੂ ਹੋ ਗਿਆ ਸੀ। 46 ਸੀਟਾਂ ਲਈ ਕੁੱਲ 312 ਉਮੀਦਵਾਰ ਮੈਦਾਨ ਵਿੱਚ ਹਨ। ਇਹਨਾਂ ਚੋਣਾਂ ਵਿੱਚ 3 ਲੱਖ 45 ਹਜ਼ਾਰ ਵੋਟਰ ਹਨ। 556 ਬੂਥ ਬਣਾਏ ਗਏ ਹਨ। ਚੋਣਾਂ ਲਈ ਸਪੈਸ਼ਲ ਮਾਈਕਰੋ ਆਬਜ਼ਰਵਰ ਤੇ ਆਬਜ਼ਰਵਰ ਲਗਾਏ ਗਏ ਹਨ। ਸੁਰੱਖਿਆ ਪ੍ਰਬੰਧ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਹਨ।