The Khalas Tv Blog India ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਿਸਾਨਾਂ ਦੇ ਕੇਸ ਲੜਨ ਵਾਲੇ ਵਕੀਲਾਂ ਅਤੇ ਰਿਹਾਅ ਹੋਏ ਕਿਸਾਨਾਂ ਨੂੰ ਕੀਤਾ ਸਨਮਾਨਿਤ
India Punjab

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਿਸਾਨਾਂ ਦੇ ਕੇਸ ਲੜਨ ਵਾਲੇ ਵਕੀਲਾਂ ਅਤੇ ਰਿਹਾਅ ਹੋਏ ਕਿਸਾਨਾਂ ਨੂੰ ਕੀਤਾ ਸਨਮਾਨਿਤ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਗ੍ਰਿਫਤਾਰ ਹੋਏ ਕਿਸਾਨਾਂ ਦੇ ਜੇਲ੍ਹਾਂ ’ਚੋਂ ਰਿਹਾਅ ਹੋਣ ਅਤੇ ਬਿਨਾਂ ਸੁਆਰਥ ਕੇਸ ਲੜਨ ਵਾਲੇ ਵਕੀਲਾਂ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲਾਲ ਕਿਲ੍ਹੇ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇ ਅੱਜ ਉਹ ਆਪਣੇ ਭੈਣ-ਭਰਾਵਾਂ ਨਾਲ ਖੜ੍ਹੇ ਨਾ ਹੋਏ ਤਾਂ ਆਉਣ ਵਾਲੀ ਪੀੜੀ ਉਨ੍ਹਾਂ ਨੂੰ ਗੁਨਾਹਗਾਰ ਕਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਮਾਂਵਾਂ ਨੂੰ ਇਹ ਹੌਂਸਲੇ ਹੋ ਗਏ ਹਨ ਕਿ ਕਮੇਟੀ ਉਨ੍ਹਾਂ ਦੇ ਪੁੱਤਾਂ ਨਾਲ ਖੜ੍ਹੀ ਹੈ। ਇਹ ਸਭ ਦਿੱਲੀ ਦੀ ਸੰਗਤ ਸਦਕਾ ਹੋਇਆ ਹੈ।

ਸਿਰਸਾ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹਨ। ਸਰਕਾਰ ਵੱਲੋਂ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਦਿੱਲੀ ਗੁਰਦਆਰਾ ਕਮੇਟੀ ਕਿਸਾਨਾਂ ਨਾਲ ਖੜ੍ਹੀ ਸੀ, ਖੜ੍ਹੀ ਹੈ ਅਤੇ ਖੜ੍ਹੀ ਰਹੇਗੀ। ਇਸ ਮੌਕੇ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਨੌਜਵਾਨ ਰਣਜੀਤ ਸਿੰਘ ਅਤੇ ਹੋਰ ਨੌਜਵਾਨਾਂ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ। ਇਸ ਮਗਰੋਂ ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਮਾਗਮ ਹੋਇਆ, ਜਿੱਥੇ ਇਨ੍ਹਾਂ ਕਿਸਾਨਾਂ ਦੇ ਬਿਨਾਂ ਸੁਆਰਥ ਕੇਸ ਲੜਨ ਵਾਲੇ ਸਾਰੇ ਵਕੀਲਾਂ ਦਾ ਸਨਮਾਨ ਕੀਤਾ ਗਿਆ।

Exit mobile version