‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਮੁੰਡੀ ਸਿਧਾਣਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਰੱਖਣ ਅਤੇ ਉਸ ‘ਤੇ ਤਸ਼ੱਦਦ ਢਾਹੁਣ ਤੋਂ ਇਨਕਾਰ ਕੀਤਾ ਹੈ। ਦਿੱਲੀ ਪੁਲਿਸ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਟੀਮ ਨੇ ਗੁਰਦੀਪ ਸਿੰਘ ਤੋਂ ਪੁੱਛ-ਗਿੱਛ ਕੀਤੀ ਹੈ। ਦਿੱਲੀ ਪੁਲਿਸ ‘ਤੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ।
ਦਿੱਲੀ ਪੁਲਿਸ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ ਦੀ ਟੀਮ ਵੱਲੋਂ ਪੰਜਾਬ ਵਿੱਚੋਂ ਚੁੱਕਣ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਲੱਖਾ ਸਿਧਾਣਾ ਇਨ੍ਹਾਂ ਕੇਸਾਂ ’ਚ ਲੋੜੀਂਦਾ ਹੈ ਅਤੇ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ। ਪੁਲਿਸ 8 ਅਪ੍ਰੈਲ ਨੂੰ ਵਿਸ਼ੇਸ਼ ਸੈੱਲ ਦੀ ਟੀਮ ਪਟਿਆਲਾ ’ਚ ਲੱਖਾ ਸਿਧਾਣੇ ਦੀ ਭਾਲ ’ਚ ਗਈ ਸੀ ਅਤੇ ਉਨ੍ਹਾਂ ਗੁਰਦੀਪ ਸਿੰਘ ਤੋਂ ਪੁੱਛ-ਗਿੱਛ ਕੀਤੀ ਸੀ। ਉਸ ਤੋਂ ਲੱਖਾ ਸਿਧਾਣਾ ਦੀ ਮੌਜੂਦਗੀ ਬਾਰੇ ਅਤੇ ਹੋਰ ਸਵਾਲ ਪੁੱਛੇ ਗਏ ਸਨ। ਇਸ ਮਗਰੋਂ ਉਸ ਨੂੰ ਲੋੜ ਪੈਣ ’ਤੇ ਮੁੜ ਜਾਂਚ ’ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੰਦਿਆਂ ਛੱਡ ਦਿੱਤਾ ਗਿਆ ਸੀ।
ਪੁਲਿਸ ਨੇ ਕਿਹਾ ਕਿ ਕਾਨੂੰਨ ਮੁਤਾਬਕ ਹੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਿੱਲੀ ਪੁਲੀਸ ਵੱਲੋਂ ਇਨ੍ਹਾਂ ਕੇਸਾਂ ’ਚ ਗ੍ਰਿਫ਼ਤਾਰ ਕੀਤੇ ਗਏ 160 ਮੁਲਜ਼ਮਾਂ ’ਚੋਂ ਕਿਸੇ ਨੇ ਵੀ ਅਜੇ ਤੱਕ ਕੁੱਟਮਾਰ ਅਤੇ ਗਲਤ ਵਿਵਹਾਰ ਕਰਨ ਦੇ ਦੋਸ਼ ਨਹੀਂ ਲਾਏ ਹਨ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਢੰਗ ਨਾਲ ਚੁੱਕਣ ਅਤੇ ਕੁੱਟਮਾਰ ਦੇ ਦੋਸ਼ ਝੂਠੇ, ਆਧਾਰਹੀਣ ਅਤੇ ਮਨਘੜਤ ਹਨ ਤਾਂ ਜੋ ਜਾਂਚ ਟੀਮਾਂ ’ਤੇ ਦਬਾਅ ਬਣਾਇਆ ਜਾ ਸਕੇ।