‘ਦ ਖ਼ਾਲਸ ਬਿਊਰੋ :- ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸਨ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਗ੍ਰੇਟਾ ਥਨਬਰਗ ਦੇ ਸ਼ੇਅਰ ਕੀਤੇ ਟੂਲ-ਕਿੱਟ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਹੁਣ ਗੂਗਲ ਤੋਂ ਆਈਪੀ ਐਡਰੈੱਸ ਅਤੇ ਲੋਕੇਸ਼ਨ ਦੀ ਜਾਣਕਾਰੀ ਮੰਗਣ ਜਾ ਰਹੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਦਸਤਾਵੇਜ਼ ਕਿੱਥੋਂ ਬਣਾਏ ਗਏ ਅਤੇ ਸੋਸ਼ਲ ਮੀਡੀਆ ਉੱਤੇ ਕਿੱਥੋਂ ਅਪਲੋਡ ਹੋਏ।

ਥਨਬਰਗ ਨੇ ਕਿਸਾਨੀ ਅੰਦੋਲਨ ਨਾਲ ਸਬੰਧਿਤ ਜਾਣਕਾਰੀ ਵਾਲਾ ਇੱਕ ਟੂਲ-ਕਿੱਟ ਸਾਂਝਾ ਕੀਤਾ ਸੀ। ਟੂਲ-ਕਿੱਟ ਵਿੱਚ ਕਿਸਾਨੀ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਲਈ ਹਰੇਕ ਜ਼ਰੂਰੀ ਕਦਮ ਬਾਰੇ ਦੱਸਿਆ ਗਿਆ ਹੈ। ਟਵੀਟ ਵਿੱਚ ਕਿਹੜਾ ਹੈਸ਼ਟੈਗ ਲਾਉਣਾ ਹੈ, ਕੀ ਕਰਨਾ ਹੈ, ਕਿਵੇਂ ਬਚਣਾ ਹੈ, ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲਾਂ ਵਾਲੇ ਟੂਲ-ਕਿੱਟ ਨੂੰ ਡਿਲੀਟ ਕੀਤਾ ਗਿਆ ਸੀ ਅਤੇ ਉਸਨੂੰ ਦੁਬਾਰਾ ਅਪਡੇਟ ਕਰਕੇ ਸ਼ੇਅਰ ਕੀਤਾ ਗਿਆ ਸੀ।