The Khalas Tv Blog Others ਕੀ ਲਾਲ ਕਿਲ੍ਹੇ ‘ਤੇ ਕਬਜ਼ਾ ਕਰਨਾ ਚਾਹੁੰਦੇ ਸੀ ਕਿਸਾਨ, ਪੜ੍ਹੋ ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਖੁਲਾਸੇ
Others

ਕੀ ਲਾਲ ਕਿਲ੍ਹੇ ‘ਤੇ ਕਬਜ਼ਾ ਕਰਨਾ ਚਾਹੁੰਦੇ ਸੀ ਕਿਸਾਨ, ਪੜ੍ਹੋ ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਨੂੰ ਲੈ ਕਿ ਦਿੱਲੀ ਪੁਲਿਸ ਨੇ ਜੋ ਚਾਰਜਸ਼ੀਟ ਫਾਇਲ ਕੀਤੀ ਹੈ, ਉਸ ਵਿੱਚ ਪੁਲਿਸ ਨੇ ਕਿਸਾਨ ਅੰਦੋਲਨ ‘ਤੇ ਹੀ ਸਿੱਧਾ ਨਿਸ਼ਾਨਾ ਲਗਾਇਆ ਹੈ। ਇਸ ਚਾਰਜਸ਼ੀਟ ਅਨੁਸਾਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਦੇ ਦਿਨ ਲਾਲ ਕਿਲ੍ਹੇ ‘ਤੇ ਕਬਜਾ ਕਰਕੇ ਕਿਸਾਨ ਉਸਨੂੰ ਨਵੀਂ ਪ੍ਰਦਰਸ਼ਨ ਵਾਲੀ ਥਾਂ ਬਣਾਉਣਾ ਚਾਹੁਦੇ ਸਨ।

ਦਿੱਲੀ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਕੁੱਝ ਵੀ 26 ਤਰੀਕ ਨੂੰ ਲਾਲ ਕਿਲ੍ਹੇ ਉੱਤੇ ਵਾਪਰਿਆ ਉਸ ਦੀ ਪਹਿਲਾਂ ਹੀ ਯੋਜਨਾ ਘੜ ਲਈ ਗਈ ਸੀ। ਪੁਲਿਸ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਕਿਸਾਨ ਲਾਲ ਕਿਲ੍ਹੇ ਵਿੱਚ ਵੱਡੀ ਸੰਖਿਆਂ ਵਿੱਚ ਦਾਖਿਲ ਹੋਏ ਤੇ ਕਈ ਘੰਟੇ ਇੱਥੇ ਰਹੇ। 26 ਤਰੀਕ ਵੀ ਇਸ ਲਈ ਚੁਣੀ ਗਈ ਤਾਂ ਜੋ ਕਿਸਾਨ ਆਲਮੀ ਪੱਧਰ ਉੱਤੇ ਮੋਦੀ ਸਰਕਾਰ ਨੂੰ ਬਦਨਾਮ ਕਰ ਸਕਣ। ਪੁਲਿਸ ਦੇ ਅਨੁਸਾਰ ਇਹ ਯੋਜਨਾਂ ਨਵੰਬਰ ਦਿਸੰਬਰ ਵਿਚ ਹੀ ਬਣ ਗਈ ਸੀ। ਇਸੇ ਲਈ ਹਰਿਆਣਾ ਤੇ ਪੰਜਾਬ ਤੋਂ ਵੱਡੀ ਸੰਖਿਆਂ ਵਿੱਚ ਟਰੈਕਟਰ ਲਿਆਂਦੇ ਗਏ ਸਨ। ਦਿੱਲੀ ਪੁਲਿਸ ਨੇ ਇਸ ਨਾਲ ਜੁੜਿਆ ਡਾਟਾ ਵੀ ਚਾਰਜਸ਼ੀਟ ਨਾਲ ਨੱਥੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਕਰੀਬ 3000 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਇਲ ਕੀਤੀ ਹੈ। ਇਸ ਮਾਮਲੇ ਵਿਚ ਹਿੰਸਾ ਫੈਲਾਉਣ ਦੇ ਦੋਸ਼ਾਂ ਹੇਠ ਅਦਾਕਾਰ ਦੀਪ ਸਿੱਧੂ, ਇਕਬਾਲ ਸਿੰਘ, ਮਨਿੰਦਰ ਮੋਨੀ ਅਤੇ ਖੇਮਪ੍ਰੀਤ ਸਣੇ 16 ਲੋਕਾਂ ਖਿਲਾਫ ਤੀਸ ਹਜ਼ਾਰੀ ਕੋਰਟ ਵਿੱਚ ਦੋਸ਼ ਪੱਤਰ ਵੀ ਦਾਖਿਲ ਕੀਤਾ ਗਿਆ ਸੀ। ਪੁਲਿਸ ਨੇ ਸਾਰਿਆਂ ਉੱਤੇ ਦੇਸ਼ਧ੍ਰੋਹ, ਦੰਗਾ ਕਰਨ, ਹੱਤਿਆ ਦੀ ਕੋਸ਼ਿਸ਼ ਅਤੇ ਡਕੈਤੀ ਵਰਗੀਆਂ ਧਾਰਾਵਾਂ ਲਗਾਈਆਂ ਹਨ।

ਦੱਸ ਦਈਏ ਕਿ ਇਸ ਮਾਮਲੇ ਵਿਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਲਾਲ ਕਿਲੇ ਦੀ ਹਿੰਸਾ ਦਾ ਮੁੱਖ ਦੋਸ਼ੀ ਤੇ ਯੋਜਨਾ ਘਾੜਾ ਦੱਸਿਆ ਜਾ ਰਿਹਾ ਹੈ। ਇਸ ਵਿਚ ਕਈ ਕਿਸਾਨ ਲੀਡਰਾਂ ਦੇ ਨਾਂ ਵੀ ਸ਼ਾਮਿਲ ਹਨ। ਪੁਲਿਸ ਨੇ ਅਦਾਲਤ ਸਾਹਮਣੇ ਇਹ ਤਰਕ ਵੀ ਦਿੱਤਾ ਹੈ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ ਤੇ ਜੇਕਰ ਕੋਈ ਹੋਰ ਜਾਣਕਾਰੀ ਹੱਥ ਲੱਗਦੀ ਹੈ ਤਾਂ ਦਾਖਿਲ ਕੀਤੇ ਗਏ ਦੋਸ਼ ਪੱਤਰ ਵਿੱਚ ਉਹ ਵੀ ਜੋੜੀ ਜਾਵੇਗੀ। ਇਸ ਮਾਮਲੇ ਵਿਚ ਲੱਖਾ ਸਿਧਾਣਾ ਸਣੇ ਹੋਰ ਦੋਸ਼ੀ ਹਾਲੇ ਫਰਾਰ ਹਨ। ਅਦਾਲਤ ਇਸ ਦੋਸ਼ ਪੱਤਰ ਉੱਤੇ 28 ਮਈ ਨੂੰ ਵਿਚਾਰ ਕਰੇਗੀ।

ਪੁਲਿਸ ਨੇ ਇਸ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਜਿਹੜੇ ਲੋਕ ਲਾਲ ਕਿਲ੍ਹੇ ਉੱਤੇ ਆਏ ਸੀ ਉਨ੍ਹਾਂ ਕੋਲ ਤਲਵਾਰ, ਹਾਕੀ, ਡੰਡੇ ਪਹਿਲਾਂ ਤੋਂ ਹੀ ਮੌਜੂਦ ਸਨ ਤੇ ਇਸ ਨੂੰ ਅਚਾਨਕ ਵਾਪਰੀ ਹਿੰਸਾ ਨਹੀਂ ਕਿਹਾ ਜਾ ਸਕਦਾ। ਪੁਲਿਸ ਨੇ ਕਿਹਾ ਕਿ ਟਰੈਕਟਰ ਟ੍ਰਾਲੀ ਰੈਲੀ ਦੀ ਓਟ ਲੈ ਕੇ ਇਹ ਹਿੰਸਾ ਕੀਤੀ ਗਈ ਹੈ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਤਮਈ ਤਰੀਕੇ ਨਾਲ ਇਹ ਰੈਲੀ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਟਰੈਕਟਰਾਂ ਨਾਲ ਮੋਟਰਸਾਇਕਲ  ‘ਤੇ ਸਵਾਰ ਹੋ ਕੇ ਕਰੀਬ 300 ਲੋਕ ਹਿੰਸਾ ਕਰਨ ਪਹੁੰਚੇ। ਇਕ ਸਮਾਂ ਅਜਿਹਾ ਇਹ ਵੀ ਆਇਆ ਕਿ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ‘ਤੇ ਕਬਜਾ ਕਰ ਲਿਆ ਸੀ। ਪੁਲਿਸ ਨੇ ਕਿਹਾ ਕਿ ਸਾਜਿਸ਼ ਇੰਨੀ ਵੱਡੀ ਸੀ ਕਿ ਕੋਈ ਅੰਦਾਜਾ ਨਹੀਂ ਲਗਾ ਸਕਿਆ ਕਿ ਰੈਲੀ ਦੀ ਓਟ ਵਿਚ ਦੰਗਾ ਹੋ ਜਾਵੇਗਾ।

Exit mobile version