ਆਮ ਆਦਮੀ ਪਾਰਟੀ (AAP) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨਾਲ ਬਦਸਲੂਕੀ ਮਾਮਲੇ ਵਿੱਚ ਰਾਸਟਰੀ ਮਹਿਲਾ ਅਯੋਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ ਨੋਟਿਸ ਭੇਜ ਕੇ ਤਲਬ ਕੀਤਾ ਹੈ। ਇਸ ਮਾਮਲੇ ‘ਚ ਵੀਰਵਾਰ ਦੁਪਹਿਰ 1 ਵਜੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਐਡੀਸ਼ਨਲ ਸੀਪੀ ਅਤੇ ਐਡੀਸ਼ਨਲ ਡੀਸੀਪੀ ਨਾਰਥ ਸਵਾਤੀ ਮਾਲੀਵਾਲ ਦੇ ਬਿਆਨ ਦਰਜ ਕਰਵਾਉਣ ਲਈ ਉਸ ਦੇ ਘਰ ਪਹੁੰਚੇ।
ਦੱਸ ਦੇਈਏ ਕਿ ਸਵਾਤੀ ਮਾਲੀਵਾਲ ਦੇ ਨਾਲ 13 ਮਈ ਨੂੰ ਮੁੱਖ ਮੰਤਰੀ ਰਿਹਾਇਸ਼ ਵਿੱਚ ਬਦਸਲੂਕੀ ਹੋਈ ਸੀ। ਸਵਾਤੀ ਨੇ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ‘ਤੇ ਇਲਜ਼ਾਮ ਲਾਏ ਸਨ। ਜਿਸ ਤੋਂ ਬਾਅਦ ਸਵਾਤੀ ਨੇ ਦਿੱਲੀ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਸ਼ਿਕਾਇਤ ਕੀਤੀ ਸੀ। ਜਿਸ ਕਾਰਨ ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਨਿਆ ਸੀ ਕਿ ਉਨ੍ਹਾਂ ਨਾਲ ਬਦਸਲੂਕੀ ਹੋਈ ਹੈ। ਕੇਜਰੀਵਾਲ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਇਸ ਸਬੰਧੀ ਕਾਰਵਾਈ ਕਰਨਗੇ।
ਕੀ ਕੇਜਰੀਵਾਲ ਸਵਾਤੀ ਦਾ ਚਾਹੁੰਦੇ ਹਨ ਅਸਤੀਫਾ ?
ਦਰਅਸਲ ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਆ ਰਹੀਆਂ ਹਨ ਕਿ ਕੇਜਰੀਵਾਲ ਨੇ ਆਪਣੇ ਭਰੋਸੇਮੰਦ ਲੋਕਾਂ ਦੇ ਜ਼ਰੀਏ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਸੀਟ ਤੋਂ ਅਸਤੀਫਾ ਦੇਣ ਲਈ ਕਿਹਾ ਸੀ, ਕੇਜਰੀਵਾਲ ਸਵਾਤੀ ਦੀ ਥਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਸਨ। ਸਿੰਘਵੀ ਕੇਜਰੀਵਾਲ ਅਤੇ ਪਾਰਟੀ ਦੇ ਆਗੂਆਂ ਦਾ ਕੇਸ ਲੜ ਰਹੇ ਸਨ। ਸਵਾਤੀ ਇਸ ਤੋਂ ਨਰਾਜ਼ ਸੀ, ਜਿਵੇਂ ਹੀ ਉਹ ਕੇਜਰੀਵਾਲ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਪੀਏ ਬਿਭਵ ਕੁਮਾਰ ਨੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਦੇ ਲਈ ਕਿਹਾ ਜਦੋਂ 15 ਮਿੰਟ ਤੱਕ ਕੇਜਰੀਵਾਲ ਮਿਲਣ ਦੇ ਲਈ ਨਹੀਂ ਪਹੁੰਚੇ ਤਾਂ ਉਨ੍ਹਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਕੇਜਰੀਵਾਲ ਦੇ ਸਹਿਯੋਗੀ ਬਿਭਵ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਨਰਾਜ਼ ਹੋ ਕੇ ਉਹ ਗੁੱਸੇ ਵਿੱਚ ਪੁਲਿਸ ਸਟੇਸ਼ਨ ਚੱਲੀ ਗਈ। ਦਰਅਸਲ ਸਵਾਤੀ ਤੋਂ ਪਾਰਟੀ ਕਾਫੀ ਨਰਾਜ਼ ਸੀ, ਜਦੋਂ ਤੋਂ ਕੇਜਰੀਵਾਲ ਜੇਲ੍ਹ ਵਿੱਚ ਗਏ ਉਨ੍ਹਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ, ਜਦਕਿ ਉਹ ਤਿੱਖੇ ਬਿਆਨਾਂ ਦੇ ਲਈ ਜਾਣੀ ਜਾਂਦੀ ਸੀ, ਉਹ ਪਾਰਟੀ ਦੇ ਉਨ੍ਹਾਂ ਆਗੂਆਂ ਵਿੱਚੋਂ ਇੱਕ ਸੀ ਜੋ ਬਿਨਾਂ ਕਿਸੇ ਇਜਾਜ਼ਤ ਕੇਜਰੀਵਾਲ ਨੂੰ ਮਿਲ ਸਕਦੀ ਸੀ। ਕੇਜਰੀਵਾਲ ਜਦੋਂ NGO ਚਲਾਉਂਦੇ ਸੀ ਤਾਂ ਸਵਾਤੀ ਉਸ ਦਾ ਸਾਰਾ ਕੰਮ ਸੰਭਾਲ ਦੀ ਸੀ, ਪੀਏ ਬਿਭਵ ਕੁਮਾਰ ਉਸ ਵੇਲੇ ਸਵਾਤੀ ਅਧੀਨ ਕੰਮ ਕਰਦੇ ਸਨ। ਇਸੇ ਲਈ ਜਦੋਂ ਸਵਾਤੀ ਨੂੰ ਬਿਭਵ ਨੇ ਰੋਕਿਆ ਤਾਂ ਉਨ੍ਹਾਂ ਕੋਲ ਬਰਦਾਸ਼ਤ ਨਹੀਂ ਹੋਇਆ ।