India

52.3 ਡਿਗਰੀ ਪਾਰਾ ਚੜ੍ਹਨ ਮਗਰੋਂ ਦਿੱਲੀ ’ਚ 2 ਮਿੰਟ ਪਿਆ ਮੀਂਹ, ਹਰਿਆਣਾ ਦੇ 4 ਜ਼ਿਲ੍ਹਿਆਂ ’ਚ ਬੂੰਦਾਬਾਂਦੀ

ਰਾਜਧਾਨੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤੇ ਜਾਣ ਤੋਂ ਬਾਅਦ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ, ਉੱਤਰ ਪੱਛਮੀ ਦਿੱਲੀ ਦੇ ਇੱਕ ਮੁੰਗੇਸ਼ਪੁਰ ਇਲਾਕੇ ਵਿੱਚ 52.3 ਡਿਗਰੀ ਸੈਲਸੀਅਸ ਦਾ ਬੇਮਿਸਾਲ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਰਾਜਧਾਨੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਦਰਜ ਕੀਤਾ ਗਿਆ ਤਾਪਮਾਨ ਹੈ।

ਦਿੱਲੀ ਦੇ ਨਾਲ-ਨਾਲ ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਵੀ ਹਲਕੀ ਬੂੰਦਾਬਾਂਦੀ ਦੀਆਂ ਖ਼ਬਰਾਂ ਆ ਰਹੀਆਂ ਹਨ। ਅੱਤ ਦੀ ਗਰਮੀ ਦੇ ਬਾਅਦ ਦੋ ਜ਼ਿਲ੍ਹਿਆਂ ਵਿੱਚ ਬਾਰਿਸ਼ ਤੋਂ ਬਹੁਤ ਰਾਹਤ ਮਿਲੀ ਹੈ। ਰੋਹਤਕ ’ਚ ਬੁੱਧਵਾਰ ਦੁਪਹਿਰ ਨੂੰ ਮੌਸਮ ’ਚ ਬਦਲਾਅ ਆਇਆ ਅਤੇ ਆਸਮਾਨ ’ਚ ਬੱਦਲ ਛਾ ਗਏ। ਉੱਥੇ ਵੀ ਬੂੰਦਾਬਾਂਦੀ ਹੋਈ। ਕਾਫੀ ਸਮੇਂ ਤੋਂ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ, ਇਸ ਲਈ ਉਹ ਮੀਂਹ ਦਾ ਇੰਤਜ਼ਾਰ ਕਰ ਰਹੇ ਸਨ। ਬੁੱਧਵਾਰ ਨੂੰ ਹੋਈ ਬਾਰਿਸ਼ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਹਿਸਾਰ ’ਚ ਵੀ ਦੁਪਹਿਰ 3 ਵਜੇ ਤੋਂ ਬਾਅਦ ਹਲਕੀ ਬੂੰਦਾਬਾਂਦੀ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਸੋਨੀਪਤ ਤੇ ਨਾਰਨੌਂਦ ਵਿੱਚ ਵੀ ਹਲਕੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ’ਚ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ 31 ਮਈ ਦੀ ਰਾਤ ਤੋਂ ਮੌਸਮ ’ਚ ਬਦਲਾਅ ਦੀ ਸੰਭਾਵਨਾ ਹੈ, ਜਿਸ ਕਾਰਨ 1 ਅਤੇ 2 ਜੂਨ ਨੂੰ ਸੂਬੇ ’ਚ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ, ਹਨੇਰੀ ਆਵੇਗੀ ਅਤੇ ਕੁਝ ਥਾਵਾਂ ’ਤੇ ਗਰਜ ਦੇ ਨਾਲ-ਨਾਲ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ।

ਦੇਸ਼ ਵਿੱਚ ਅੱਜ ਨੌਤਪਾ ਦਾ ਪੰਜਵਾਂ ਦਿਨ ਹੈ। ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਕੜਾਕੇ ਦੀ ਗਰਮੀ ਜਾਰੀ ਹੈ। ਨੌਤਪਾ ਦੇ ਚੌਥੇ ਦਿਨ ਹਰਿਆਣਾ ਦਾ ਸਿਰਸਾ ਦੇਸ਼ ਦਾ ਦੂਜਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 50.3 ਡਿਗਰੀ ਦਰਜ ਕੀਤਾ ਗਿਆ। ਰਾਜਸਥਾਨ ਦਾ ਚੁਰੂ ਪਹਿਲੇ ਸਥਾਨ ’ਤੇ ਹੈ। ਉੱਥੇ ਵੱਧ ਤੋਂ ਵੱਧ ਤਾਪਮਾਨ 50.5 ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਹੀਟ ਵੇਵ ਦਾ ਰੈਡ ਅਲਰਟ ਕੀਤਾ ਹੈ।

 

ਇਹ ਵੀ ਪੜ੍ਹੋ – ਸਿਬਿਨ ਸੀ ਦਾ ਵੱਡਾ ਐਲਾਨ, ਪੋਲਿੰਗ ਸਟੇਸ਼ਨਾਂ ‘ਤੇ ਨਹੀਂ ਹੋਵੇਗੀ ਤੰਬਾਕੂ ਦੀ ਵਰਤੋਂ