India

ਬੁਰੀ ਤਰ੍ਹਾਂ ਸਿਆਸੀ ਚਾਲ ‘ਚ ‘ਫਸ ਗਏ ਕੇਜਰੀਵਾਲ’!ਸਾਰੀ ਰਣਨੀਤੀ ਪੈ ਗਈ ਉਲਟੀ,ਹੁਣ ਕਿਲਾ ਬਚਾਉਣ ਦੀ ਚੁਣੌਤੀ

ਬਿਊਰੋ ਰਿਪੋਰਟ : ਗੁਜਰਾਤ ਵਿੱਚ ਸਿਆਸੀ ਜ਼ਮੀਨ ਤਲਾਸ਼ਨ ਦੀ ਜੁਗਤ ਵਿੱਚ ਲੱਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲਗਿਆ ਹੈ । ਦਰਾਸਲ ਦਿੱਲੀ ਚੋਣ ਕਮਿਸ਼ਨ (Delhi election commission) ਵੱਲੋਂ ਨਗਰ ਨਿਗਮ (MCD) ਦੀਆਂ ਚੋਣਾਂ ਦਾ ਐਲਾਨ ਕਰ ਦਿੱਤੀ ਹੈ । ਵੋਟਿੰਗ ਦੀ ਤਰੀਕ ਅਤੇ ਪ੍ਰਚਾਰ ਦਾ ਸਮਾਂ ਗੁਜਰਾਤ ਚੋਣਾਂ ਦੇ ਨਾਲ ਹੀ ਹੈ । ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ 2 ਗੇੜ ਵਿੱਚ ਵੋਟਿੰਗ ਹੋਣੀ ਹੈ ਜਦਕਿ ਦਿੱਲੀ ਨਗਰ ਨਿਗਮ ਦੇ ਲਈ 4 ਦਸੰਬਰ ਨੂੰ ਵੋਟਿੰਗ (voting) ਦੀ ਤਰੀਕ ਮਿੱਥੀ ਗਈ ਹੈ। ਯਾਨੀ ਪ੍ਰਚਾਰ ਦਾ ਸਮਾਂ ਗੁਜਰਾਤ ਅਤੇ ਦਿੱਲੀ ਵਿੱਚ ਇੱਕੋ ਹੀ ਹੈ। ਅਜਿਹੇ ਵਿੱਚ ਕੇਜਰੀਵਾਲ ਦੇ ਸਾਹਮਣੇ ਚੁਣੌਤੀ ਹੋਵੇਗੀ ਕਿ ਉਹ ਦਿੱਲੀ ਵਿੱਚ ਆਪਣਾ ਕਿਲਾ ਬਚਾਉਣਗੇ ਜਾਂ ਫਿਰ ਗੁਜਰਾਤ ਦੇ ਚੋਣ ਪ੍ਰਚਾਰ ਵਿੱਚ ਉਤਰਨਗੇ । ਦੋਵਾਂ ਥਾਵਾਂ ‘ਤੇ ਉਹ ਹੀ ਪਾਰਟੀ ਦਾ ਵੱਡਾ ਚਿਹਰਾ ਹਨ । ਦਿੱਲੀ MCD ਅਤੇ ਗੁਜਰਾਤ ਵਿਧਾਨਸਭਾ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਬੀਜੇਪੀ ਵਜ਼ਾਰਤ ਵਿੱਚ ਹੈ । ਇੰਨਾਂ ਦੋਵਾਂ ਥਾਵਾਂ ‘ਤੇ ਆਮ ਆਦਮੀ ਪਾਰਟੀ ਬੀਜੇਪੀ ਨੂੰ ਕਰੜੀ ਟੱਕਰ ਦੇ ਰਹੀ ਸੀ । ਪਹਿਲਾਂ MCD ਦੀਆਂ ਚੋਣਾਂ ਇਸੇ ਸਾਲ ਦੇ ਸ਼ੁਰੂਆਤ ਵਿੱਚ ਹੋਣੀਆਂ ਸਨ । ਪਰ ਹਦਬੰਦੀ ਦੀ ਵਜ੍ਹਾ ਕਰਕੇ ਕੇਂਦਰ ਸਰਕਾਰ ਨੇ ਚੋਣਾਂ ਮੁਅੱਤਲ ਕਰ ਦਿੱਤੀਆਂ ਸਨ,ਹੁਣ ਗੁਰਜਾਤ ਚੋਣਾਂ ਦੇ ਇੱਕ ਦਿਨ ਬਾਅਦ MCD ਦੀਆਂ ਚੋਣਾਂ ਦਾ ਐਲਾਨ ਹੋਣਾ ਸਿਰਫ਼ ਸੰਜੋਗ ਹੈ ਜਾਂ ਫਿਰ ਕੁਝ ਹੋਰ ? ਇਸ ਸਵਾਲ ਜਵਾਬ ਕੇਜਰੀਵਾਲ ਜਾਂ ਪੀਐੱਮ ਮੋਦੀ ਹੀ ਦੇ ਸਕਦੇ ਹਨ। ਪਰ ਇੱਕ ਗੱਲ ਤੈਅ ਹੈ ਕਿ ਇਸ ਸਿਆਸੀ ਗੁਗਲੀ ਵਿੱਚ ਕੇਜਰੀਵਾਲ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਹਨ। ਦੋਵਾਂ ਥਾਵਾਂ ‘ਤੇ ਚੁਣੌਤੀ ਵੱਡੀ ਹੈ ।

ਦਿੱਲੀ ਨਗਰ ਨਿਗਮ ਚੋਣਾਂ ਦਾ ਸ਼ੈਡਿਊਲ

ਦਿੱਲੀ ਚੋਣ ਕਮਿਸ਼ਨ ਦੇ ਮੁਖੀ ਵਿਜੇ ਦੇਵ ਨੇ ਸ਼ੁੱਕਰਵਾਰ ਨੂੰ ਦਿੱਲੀ ਨਗਰ ਨਿਗਮ ਚੋਣਾ (MCD) ਦਾ ਐਲਾਨ ਕਰ ਦਿੱਤਾ ਹੈ। 7 ਤੋਂ 14 ਨਵੰਬਰ ਦੇ ਵਿਚਾਲੇ ਨਾਮਜ਼ਦਗੀਆਂ ਦਾਖਲ ਹੋਣਗੀਆ, 4 ਦਸੰਬਰ ਨੂੰ ਵੋਟਿੰਗ ਹੋਵੇਗੀ। ਜਦਕਿ 7 ਦਸੰਬਰ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਦਿੱਲੀ ਨਗਰ ਨਿਗਮ ਵਿੱਚ 250 ਸੀਟਾਂ ਹਨ। ਇਸ ਵਿੱਚ ਅਨੁਸੂਚਿਤ ਜਾਤੀ (SC) ਦੀਆਂ 42 ਸੀਟਾਂ ਹਨ। ਮਹਿਲਾਵਾਂ ਦੇ ਲਈ 50 ਫੀਸਦੀ ਸੀਟਾਂ ਰਿਜ਼ਰਵ ਹਨ। ਦਿੱਲੀ ਨਗਰ ਨਿਗਮ ਦੀ ਹੱਦ ਬੰਦੀ ਤੋਂ ਬਾਅਦ 18 ਅਕਤੂਬਰ ਨੂੰ ਕੇਂਦਰ ਸਰਕਾਰ ਨੇ ਨੋਟਿਫਿਕੇਸ਼ ਜਾਰੀ ਕੀਤਾ ਸੀ ।

ਦਿੱਲੀ ਵਿੱਚ ਚੋਣ ਜ਼ਾਬਤਾ ਲਾਗੂ

ਚੋਣਾਂ ਦੇ ਐਲਾਨ ਦੇ ਨਾਲ ਹੀ ਰਾਜਧਾਨੀ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਲਾਊਡ ਸਪੀਕਰ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਹੈ। ਦਿੱਲੀ ਵਿੱਚ ਸਰਕਾਰੀ ਇਸ਼ਤਿਆਰਾਂ ਦੇ ਸਾਰੇ ਹੋਡਿੰਗ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਮੀਦਵਾਰ 68 ਥਾਵਾਂ ‘ਤੇ ਆਪਣੀਆਂ ਨਾਮਜ਼ਦੀਆਂ ਭਰ ਸਕਦੇ ਹਨ। ਹਰ ਇੱਕ ਉਮੀਦਵਾਰ ਨੂੰ 8 ਲੱਖ ਤੱਕ ਚੋਣ ਪ੍ਰਚਾਰ ‘ਤੇ ਖਰਚ ਕਰਨ ਦੀ ਇਜਾਜ਼ਤ ਹੋਵੇਗੀ ਜਦਕਿ ਪਿੱਛਲੀ ਚੋਣਾਂ ਵਿੱਚ ਇਹ 5 ਲੱਖ 75 ਹਜ਼ਾਰ ਸੀ ।

2017 ਵਿੱਚ MCD ਦੇ ਨਤੀਜੇ

2017 ਵਿੱਚ ਦਿੱਲੀ ਨੂੰ ਤਿੰਨ ਨਗਰ ਨਿਗਮਾਂ ਵਿੱਚ ਵੰਡਿਆ ਸੀ ਜਦਕਿ ਹੁਣ ਇਸ ਨੂੰ ਇੱਕ ਕਰ ਦਿੱਤਾ ਗਿਆ ਹੈ । ਪਿਛਲੀ ਵਾਰ ਕੁੱਲ 281 ਸੀਟਾਂ ਵਿੱਚੋਂ ਬੀਜੇਪੀ ਨੂੰ 181 ਸੀਟਾਂ ਹਾਸਲ ਹੋਈਆਂ ਸਨ। ਜਦਕਿ ਆਮ ਆਦਮੀ ਪਾਰਟੀ ਨੂੰ 49 ਅਤੇ ਤੀਜੇ ਨੰਬਰ ‘ਤੇ 31 ਸੀਟਾਂ ਨਾਲ ਕਾਂਗਰਸ ਰਹੀ ਸੀ ।