ਬਿਉਰੋ ਰਿਪੋਰਟ : ਦਿੱਲੀ ਦੇ ਇੱਕ ਕਾਲਜ ਤੋਂ ਸਿੱਖ ਨੌਜਵਾਨਾਂ ਦੀ ਜਿਹੜੀ ਹਰਕਤ ਦੀ ਖ਼ਬਰ ਆ ਰਹੀ ਹੈ,ਯਕੀਨ ਮਨੋ ਇਸ ਨੂੰ ਸੁਣ ਕੇ ਤੁਸੀਂ ਵੀ ਗੁੱਸੇ ਨਾਲ ਭਰ ਜਾਉਗੇ । ਸਿੱਖ ਮਰਿਆਦਾ ਦਾ ਜਿਸ ਤਰ੍ਹਾਂ ਇਨ੍ਹਾਂ ਨੇ ਮਜ਼ਾਕ ਬਣਾਇਆ ਹੈ ਉਹ ਬਹੁਤ ਦੀ ਸ਼ਰਮਨਾਕ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਦਿਆਰਥੀ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਨ । ਜਿਹੜੇ ਵਿਦਿਆਰਥੀ ਮਰਿਆਦਾ ਦਾ ਮਜ਼ਾਕ ਉੱਡਾ ਰਹੇ ਹਨ ਉਨ੍ਹਾਂ ਵਿੱਚ ਕੁਝ ਅੰਮ੍ਰਿਤਧਾਰੀ ਵਿਦਿਆਰਥੀ ਵੀ ਵੀਡੀਓ ਵਿੱਚ ਨਜ਼ਰ ਆ ਰਹੇ ਹਨ । ਕਾਲਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦਾ ਹੈ । ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਕਾਲਜ ਨੇ ਵਿਦਿਆਰਥੀਆਂ ਖਿਲਾਫ ਐਕਸ਼ਨ ਜ਼ਰੂਰ ਲਿਆ ਹੈ ਅਤੇ ਵਿਦਿਆਰਥੀਆਂ ਨੇ ਮੁਆਫੀ ਵੀ ਮੰਗੀ ਹੈ । ਪਰ ਜਿਸ ਤਰ੍ਹਾਂ ਸਿੱਖ ਵਿਦਿਆਰਥੀਆਂ ਵੱਲੋਂ ਸਿੱਖ ਮਰਿਆਦਾ ਦਾ ਮਜ਼ਾਕ ਉਡਾਇਆ ਗਿਆ ਹੈ ਉਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ ।
ਇਹ ਕੀਤੀ ਵਿਦਿਆਰਥੀਆਂ ਨੇ ਹਰਕਤ
ਦਰਅਸਲ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਵਿੱਚ ਸਿੱਖ ਨੌਜਵਾਨਾਂ ਦਾ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਉਸ ਵਿੱਚ ਨੌਜਵਾਨ ਮੁੰਡੇ ਸਿਰ ‘ਤੇ ਬੈਗ ਨੂੰ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਉਣ ਦੀ ਐਕਟਿੰਗ ਕਰ ਰਹੇ ਹਨ ਨਾਲ ਮਜ਼ਾਕਿਆ ਅੰਦਾਜ ਵਿੱਚ ਸਤਿਨਾਮ-ਵਾਹਿਗੁਰੂ ਬੋਲ ਰਹੇ ਅਤੇ ਜਾਂਦੇ-ਜਾਂਦੇ ਹਾਸਾ ਮਜ਼ਾਕ ਵੀ ਕਰ ਰਹੇ ਹਨ । ਫਿਰ ਇੱਕ ਵਿਦਿਆਰਥੀ ਉਸ ਬੈਗ ਨੂੰ ਦੂਜੇ ਵੱਲ ਸੁੱਟ ਦਿੰਦਾ ਹੈ। ਪਰੇਸ਼ਾਨ ਕਰਨ ਵਾਲੀ ਤਾਂ ਇਹ ਗੱਲ ਕਿ ਸਾਰੇ ਦੇ ਸਾਰੇ ਵਿਦਿਆਰਥੀ ਸਿੱਖ ਘਰਾਂ ਦੇ ਨੌਜਵਾਨ ਸਨ। ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਛੋਟੇ ਸਨ ਨਾ ਸਮਝ ਸਨ ਸਾਰਿਆਂ ਦੀ ਉਮਰ 20 ਦੇ ਆਲੇ-ਦੁਆਲੇ ਸੀ । ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ 10 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।
ਵੀਡੀਓ ਵਿੱਚ ਨਜ਼ਰ ਆ ਰਹੇ ਵਿਦਿਆਰਥੀਆਂ ਨੇ ਲਿਖਤ ਵਿੱਚ ਮੁਆਫੀ ਜ਼ਰੂਰ ਮੰਗ ਲਈ ਹੈ ਪਰ ਇਨ੍ਹਾਂ ਦੀ ਸ਼ਰਮਸਾਰ ਕਰਨ ਵਾਲੀ ਹਰਕਤ ਨੇ ਸਿੱਖ ਭਾਈਚਾਰੇ ਦੇ ਦਿਲਾਂ ਵਿੱਚ ਗਹਿਰੀ ਸੱਟ ਜ਼ਰੂਰ ਮਾਰੀ ਹੈ । ਜੇ ਸਿੱਖ ਨੌਜਵਾਨ ਹੀ ਮਰਿਆਦਾ ਦਾ ਪਾਲਨ ਨਹੀਂ ਕਰਨਗੇ ਤਾਂ ਕਿਸੇ ਹੋਰ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ। ਕਾਲਜ ਨੇ ਭਾਵੇ ਇਨ੍ਹਾਂ ਨੂੰ ਸਸਪੈਂਡ ਕੀਤਾ ਹੈ ਪਰ ਮਾਪਿਆਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਬਕ ਸਿਖਾਉਣ,ਘੱਟੋਂ ਘੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾ ਮਤਲਬ ਕੀ ਹੁੰਦਾ ਹੈ ਇਨ੍ਹਾਂ ਤਾਂ ਸਮਝਾਉਣਾ ਹੀ ਚਾਹੀਦਾ ਹੈ।