‘ਦ ਖਾਲਸ ਬਿਊਰੋ:ਦਿੱਲੀ ਜਹਾਂਗੀਰਪੁਰੀ ਹਿੰਸਾ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੁਪਰੀਮ ਕੋਰਟ ਵਿੱਚ ਇੱਕ ਪੱਤਰ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਅਦਾਲਤ ਦੇ ਨੋਟਿਸ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਹੋਈ ਹੈ। ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਜਹਾਂਗੀਰਪੁਰੀ ਹਿੰਸਾ ਦੀ ਨਿਰਪੱਖ ਜਾਂਚ ਲਈ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਤ ਬਣਾਈ ਜਾਵੇ।
ਪਟੀਸ਼ਨਕਰਤਾ ਵਕੀਲ ਨੇ ਦਿੱਲੀ ਪੁਲਿਸ ਤੇ ਇਹ ਦੋਸ਼ ਲਗਾਇਆ ਹੈ ਕਿ ਉਸ ਦੀ ਜਾਂਚ ਸ਼ੱਕੀ ਹੈ ਕਿਉਂਕਿ ਉਸ ਨੇ ਹੁਣ ਤੱਕ ਦੰਗਿਆਂ ਦੀ ਤਿਆਰੀ ਕਰਨ ਵਾਲਿਆਂ ਦਾ ਬਚਾਅ ਹੀ ਕੀਤਾ ਹੈ ਤੇ ਕੀਤੀ ਗਈ ਜਾਂਚ ਵੀ ਪੂਰੀ ਤਰਾਂ ਪੱਖਪਾਤੀ ਤੇ ਫਿਰਕੂ ਹੈ।
ਵਕੀਲ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਰਾਜਧਾਨੀ ਵਿੱਚ ਦੰਗੇ ਹੋਏ ਹਨ, ਹਾਲਾਂਕਿ ਸਿਰਫ “ਘੱਟ ਗਿਣਤੀ” ਭਾਈਚਾਰੇ ਦੇ ਮੈਂਬਰਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ। ਇਸ ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੀਡੀਆ ਰਿਪੋਰਟਾਂ ਤੋਂ ਸਾਬਿਤ ਹੁੰਦਾ ਹੈ ਕਿ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ ਜਲੂਸ ਵਿਚ ਸ਼ਾਮਲ ਕੁਝ ਹਥਿਆਰਬੰਦ ਵਿਅਕਤੀ ਮਸਜਿਦ ਵਿਚ ਦਾਖਲ ਹੋਏ ਅਤੇ ਭਗਵਾ ਝੰਡਾ ਲਹਿਰਾਇਆ। ਜਿਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿੱਚ ਪੱਥਰਬਾਜ਼ੀ ਹੋਈ।