ਬਿਉਰੋ ਰਿਪੋਰਟ: ਦਿੱਲੀ ਹਾਈ ਕੋਰਟ ਨੇ 2021 ਦੇ ਇੱਕ ਮਾਮਲੇ ਵਿੱਚ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀਐਸਐਸਐਸਬੀ) ਨੂੰ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ ਲਗਾਇਆ ਹੈ। ਬੋਰਡ ਨੇ 2021 ਵਿੱਚ ਇੱਕ ਨੌਜਵਾਨ ਸਿੱਖ ਲੜਕੀ ਮੇਹਰਲੀਨ ਕੌਰ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਕਿਉਂਕਿ ਉਸ ਨੇ ਕਕਾਰ ਪਹਿਨੇ ਹੋਏ ਸਨ। ਇਸਦੇ ਲਈ ਹੁਣ ਬੋਰਡ ਨੇ ਅਦਾਲਤ ਵਿੱਚ ਸਿੱਖ ਲੜਕੀ ਤੋਂ ਲਿਖ਼ਤੀ ਮੁਆਫ਼ੀ ਵੀ ਮੰਗੀ ਹੈ।
ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਮਾਮਲਾ 2021 ਦਾ ਹੈ ਜਦੋਂ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਸਿੱਖ ਕਕਾਰ ਪਹਿਨਣ ਕਾਰਨ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਸੀ। ਇਹ ਕੇਸ ਦਿੱਲੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਲੀ ਹਾਈਕੋਰਟ ਵਿੱਚ ਲੜਿਆ ਗਿਆ ਸੀ ਅਤੇ ਅੱਜ ਇਸ ਵਿੱਚ ਵੱਡੀ ਸਫ਼ਲਤਾ ਮਿਲੀ ਹੈ।
ਹਾਈਕੋਰਟ ਨੇ ਦਿੱਲੀ ਐਸਐਸਐਸ ਬੋਰਡ ਨੂੰ ਇੱਕ ਸੀਟ ਖ਼ਾਲੀ ਰੱਖ ਕੇ ਲੜਕੀ ਦੀ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਹੁਣ ਲੜਕੀ ਦੀ ਫਿਰ ਤੋਂ ਪ੍ਰੀਖਿਆ ਲਈ ਗਈ ਹੈ।