‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਹਾਈਕੋਰਟ ਨੇ ਅੱਜ ਬੀਜੇਪੀ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਏਅਰ ਇੰਡੀਆ ਦੇ ਵਿਨਿਵੇਸ਼ ਦੀ ਪ੍ਰਕਿਰਿਆ ਰੱਦ ਕਰਨ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਸੁਬਰਾਮਨੀਅਮ ਸਵਾਮੀ ਨੇ ਏਅਰ ਇੰਡੀਆ ਦੇ ਵਿਨਿਵੇਸ਼ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਵਿਨਿਵੇਸ਼ ਦੀ ਪ੍ਰਕਿਰਿਆ ਦੇ ਤਰੀਕੇ ਨੂੰ ਮਣ-ਮਾਨੀ, ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਕਿਹਾ ਸੀ।
ਪਰ ਕੇਂਦਰ ਸਰਕਾਰ ਨੇ ਅਦਾਲਤ ਵਿੱਚ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ। ਸਰਕਾਰ ਨੇ ਜਵਾਬ ਦਿੱਤਾ ਸੀ ਏਅਰ ਇੰਡੀਆ ਰੋਜ਼ਾਨਾ 20 ਕਰੋੜ ਰੁਪਏ ਦਾ ਘਾਟਾ ਉਠਾ ਰਹੀ ਸੀ ਅਤੇ ਜਨਤਾ ਦੇ ਪੈਸੇ ਦੀ ਇਸ ਤੋਂ ਜ਼ਿਆਦਾ ਬਰਬਾਦੀ ਨਹੀਂ ਕੀਤੀ ਜਾ ਸਕਦੀ ਸੀ। ਸਰਕਾਰ ਦਾ ਕਹਿਣਾ ਹੈ ਕਿ ਟਾਟਾ ਪੂਰੀ ਤਰ੍ਹਾਂ ਨਾਲ ਭਾਰਤੀ ਕੰਪਨੀ ਹੈ ਜਿਸਨੇ ਇੰਡੀਅਨ ਏਅਰਲਾਇੰਸ ਨੂੰ ਖਰੀਦਿਆ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਟਾਟਾ ਸਮੂਹ ਨੇ 18 ਹਜ਼ਾਰ ਕਰੋੜ ਦੀ ਸਭ ਤੋਂ ਵੱਡੀ ਬੋਲੀ ਲਗਾ ਕੇ ਏਅਰ ਇੰਡੀਆ ਨੂੰ ਖਰੀਦ ਲਿਆ ਸੀ।