India

ਦਿੱਲੀ: ਚਾਰ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ! 9 ਲੋਕਾਂ ਮੌਤ, ਕਈਆਂ ਦੇ ਸਿਰਫ਼ ਪਿੰਜਰ ਬਚੇ

ਨਵੀਂ ਦਿੱਲੀ (3 ਮਈ, 2026): ਦਿੱਲੀ ਦੇ ਸ਼ਾਹਦਰਾ ਇਲਾਕੇ ਦੇ ਵਿਵੇਕ ਵਿਹਾਰ ਵਿੱਚ ਐਤਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਦੌਰਾਨ ਬਚਾਅ ਕਾਰਜਾਂ ਦੌਰਾਨ ਕਰੀਬ 10 ਤੋਂ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਲੋਕ ਜ਼ਖ਼ਮੀ ਹਨ।

ਭਾਜਪਾ ਵਿਧਾਇਕ ਸੰਜੇ ਗੋਇਲ ਅਨੁਸਾਰ, ਅੱਗ ਸਵੇਰੇ ਕਰੀਬ 3:45 ਵਜੇ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਈ ਲੋਕ ਦਰਵਾਜ਼ਿਆਂ ਦੇ ਲਾਕ ਨਾ ਖੁੱਲ੍ਹਣ ਕਾਰਨ ਅੰਦਰ ਹੀ ਫਸ ਗਏ ਅਤੇ ਦਮ ਤੋੜ ਦਿੱਤਾ। ਅੱਗ ਇੰਨੀ ਭਿਆਨਕ ਸੀ ਕਿ ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਕੇ ਕੰਕਾਲ ਬਣ ਚੁੱਕੀਆਂ ਹਨ, ਜਿਸ ਕਾਰਨ ਹੁਣ ਉਨ੍ਹਾਂ ਦੀ ਪਛਾਣ DNA ਜਾਂਚ ਰਾਹੀਂ ਕੀਤੀ ਜਾਵੇਗੀ। 

ਹਾਲਾਂਕਿ ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ AC ਵਿੱਚ ਹੋਏ ਧਮਾਕੇ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।

ਸ਼ਾਹਦਰਾ ਦੇ ਡੀਸੀਪੀ ਰਾਜੇਂਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਅੱਗ ਇਮਾਰਤ ਦੇ 5-6 ਫਲੈਟਾਂ ਵਿੱਚ ਫੈਲੀ ਹੋਈ ਸੀ। 15 ਦੇ ਕਰੀਬ ਲੋਕਾਂ ਨੂੰ ਬਾਲਕੋਨੀਆਂ ਅਤੇ ਖਿੜਕੀਆਂ ਰਾਹੀਂ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।