India

ਦਿੱਲੀ ਕੋਚਿੰਗ ਹਾਦਸਾ- 6 ਮੁਲਜ਼ਮ ਸੀਬੀਆਈ ਰਿਮਾਂਡ ‘ਤੇ: ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ- ਕੋਚਿੰਗ ਮਾਲਕ ਨੇ ਜਾਣਬੁੱਝ ਕੇ ਕੀਤੀ ਬੇਸਮੈਂਟ ਦੀ ਵਰਤੋਂ

ਦਿੱਲੀ ਕੋਚਿੰਗ ਦੁਰਘਟਨਾ ਮਾਮਲੇ ‘ਚ ਰਾਉਸ ਐਵੇਨਿਊ ਕੋਰਟ ਨੇ ਸ਼ਨੀਵਾਰ ਨੂੰ 6 ਦੋਸ਼ੀਆਂ ਨੂੰ ਚਾਰ ਦਿਨ ਦੀ ਸੀਬੀਆਈ ਹਿਰਾਸਤ ‘ਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਨ ਲਈ ਉਨ੍ਹਾਂ ਦਾ ਹਿਰਾਸਤ ਵਿੱਚ ਰਹਿਣਾ ਜ਼ਰੂਰੀ ਹੈ।

ਸੀਬੀਆਈ ਹਿਰਾਸਤ ਵਿੱਚ ਭੇਜੇ ਗਏ ਮੁਲਜ਼ਮਾਂ ਦੇ ਨਾਂ ਅਭਿਸ਼ੇਕ ਗੁਪਤਾ, ਦੇਸ਼ਪਾਲ ਸਿੰਘ, ਤਜਿੰਦਰ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ ਅਤੇ ਪਰਵਿੰਦਰ ਸਿੰਘ ਹਨ। ਉਨ੍ਹਾਂ ਨੂੰ 4 ਸਤੰਬਰ ਤੱਕ ਸੀਬੀਆਈ ਦੀ ਹਿਰਾਸਤ ਵਿੱਚ ਰਹਿਣਾ ਹੋਵੇਗਾ।

ਇਸ ਦੇ ਨਾਲ ਹੀ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਰਾਓ ਆਈਏਐਸ ਦੇ ਮਾਲਕ ਨੇ ਜਾਣਬੁੱਝ ਕੇ ਬੇਸਮੈਂਟ ਦੀ ਵਰਤੋਂ ਕੀਤੀ ਸੀ। ਪੁਰਾਣਾ ਰਾਜਿੰਦਰ ਨਗਰ ਨੀਵਾਂ ਇਲਾਕਾ ਹੈ। ਇੱਥੇ ਥੋੜੀ ਜਿਹੀ ਬਰਸਾਤ ਨਾਲ ਵੀ ਪਾਣੀ ਬੇਸਮੈਂਟ ਵਿੱਚ ਦਾਖਲ ਹੋ ਜਾਂਦਾ ਹੈ। ਇਸ ਦੇ ਬਾਵਜੂਦ ਕੋਚਿੰਗ ਮਾਲਕ ਨੇ ਇਸ ਨੂੰ ਰੋਕਣ ਲਈ ਠੋਸ ਪ੍ਰਬੰਧ ਨਹੀਂ ਕੀਤੇ ਸਨ। ਦਰਅਸਲ 27 ਜੁਲਾਈ ਨੂੰ ਰਾਉ ਆਈਏਐਸ ਕੋਚਿੰਗ ਦੇ ਬੇਸਮੈਂਟ ਵਿੱਚ ਸਥਿਤ ਲਾਇਬ੍ਰੇਰੀ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

ਜਾਂਚ ਏਜੰਸੀ ਨੇ 7 ਅਗਸਤ ਨੂੰ ਬੇਸਮੈਂਟ ਦੀ ਜਾਂਚ ਕੀਤੀ ਸੀ।

ਸੀਬੀਆਈ ਨੇ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਦੀ ਰਾਉ ਕੋਚਿੰਗ ਦੇ ਮਾਲਕ ਅਭਿਸ਼ੇਕ ਗੁਪਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੀਬੀਆਈ ਦੀ ਟੀਮ 7 ਅਗਸਤ ਨੂੰ ਕੋਚਿੰਗ ਸੈਂਟਰ ਪਹੁੰਚੀ ਸੀ ਅਤੇ ਬੇਸਮੈਂਟ ਦੀ ਜਾਂਚ ਕੀਤੀ ਸੀ। ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ 6 ਅਗਸਤ ਨੂੰ ਇਸ ਮਾਮਲੇ ਨੂੰ ਪੁਲਿਸ ਤੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਸੀਬੀਆਈ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅਭਿਸ਼ੇਕ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।

ਇਹ ਕੋਚਿੰਗ ਹਾਦਸਾ 27 ਜੁਲਾਈ ਦੀ ਰਾਤ ਨੂੰ ਵਾਪਰਿਆ ਸੀ। ਜਦੋਂ ਵਿਦਿਆਰਥੀ ਕੋਚਿੰਗ ਸੈਂਟਰ ਦੀ ਬੇਸਮੈਂਟ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਸਨ ਤਾਂ ਮੀਂਹ ਦਾ ਪਾਣੀ ਤੇਜ਼ੀ ਨਾਲ ਭਰ ਗਿਆ ਅਤੇ ਤਿੰਨ ਵਿਦਿਆਰਥੀਆਂ ਸ਼੍ਰੇਆ ਯਾਦਵ, ਨੇਵਿਨ ਡਾਲਵਿਨ ਅਤੇ ਤਾਨਿਆ ਸੋਨੀ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿੱਚ ਹੁਣ ਤੱਕ 7 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਅਤੇ ਰੌਜ਼ ਐਵੇਨਿਊ ਕੋਰਟ ਵਿੱਚ ਚੱਲ ਰਹੀ ਹੈ।