India

ਦਿੱਲੀ ਦੀ CM ਆਤਿਸ਼ੀ ਦਾ ਵੱਡਾ ਫੈਸਲਾ! ਵਰਕਰਾਂ ਦੀ ਘੱਟੋ-ਘੱਟ ਤਨਖ਼ਾਹ ਵਧਾਈ

ਬਿਉਰੋ ਰਿਪੋਰਟ: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਗੈਰ-ਸਿੱਖਿਅਤ ਮਜ਼ਦੂਰਾਂ ਨੂੰ 18 ਹਜ਼ਾਰ ਰੁਪਏ, ਅਰਧ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ 19 ਹਜ਼ਾਰ ਰੁਪਏ ਅਤੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕਿਰਤ ਮੰਤਰੀ ਮੁਕੇਸ਼ ਅਹਲਾਵਤ ਨੇ ਕਿਹਾ ਕਿ ਅਸੀਂ ਸਭ ਤੋਂ ਵੱਧ ਘੱਟੋ-ਘੱਟ ਉਜਰਤ ਦਾ ਭੁਗਤਾਨ ਕੀਤਾ ਹੈ।

ਸੀਐਮ ਆਤਿਸ਼ੀ ਨੇ ਕਿਹਾ, “ਕੱਲ੍ਹ ਸਾਡੇ ਕਿਰਤ ਮੰਤਰੀ ਮੁਕੇਸ਼ ਅਹਲਾਵਤ ਨੇ ਫੈਸਲਾ ਕੀਤਾ ਹੈ ਕਿ ਗ਼ੈਰ-ਸਿੱਖਿਅਤ ਕਾਮਿਆਂ ਨੂੰ 18 ਹਜ਼ਾਰ 66 ਰੁਪਏ, ਅਰਧ-ਸਿਖਿਅਤ ਕਾਮਿਆਂ ਨੂੰ 19 ਹਜ਼ਾਰ 29 ਰੁਪਏ ਅਤੇ ਸਿਖਲਾਈ ਪ੍ਰਾਪਤ ਕਾਮਿਆਂ ਨੂੰ 21 ਹਜ਼ਾਰ 17 ਰੁਪਏ ਦਿੱਤੇ ਜਾਣਗੇ। ਦਿੱਲੀ ਦੀ ਕੇਜਰੀਵਾਲ ਸਰਕਾਰ ਵਿੱਚ ਘੱਟੋ-ਘੱਟ ਉਜਰਤ ਸਭ ਤੋਂ ਜ਼ਿਆਦਾ ਹੈ। ਆਉਣ ਵਾਲੇ ਚਾਰ ਮਹੀਨਿਆਂ ਵਿੱਚ ਲੋਕਾਂ ਨੂੰ ਇੱਕ ਸਨਮਾਨਜਨਕ ਜੀਵਨ ਦੇਣ ਦਾ ਉਪਰਾਲਾ ਕੀਤਾ ਜਾਵੇਗਾ।”

ਮੁੱਖ ਮੰਤਰੀ ਆਤਿਸ਼ੀ ਨੇ ਅੱਗੇ ਕਿਹਾ ਕਿ ਭਾਜਪਾ ਗਰੀਬ ਵਿਰੋਧੀ, ਮਜ਼ਦੂਰ ਵਿਰੋਧੀ, ਤੇ ਕਿਸਾਨ ਵਿਰੋਧੀ ਹੈ। ਇਹ ਉਹੀ ਭਾਜਪਾ ਹੈ ਜਿਸ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਪਾਕਿਸਤਾਨ ਦੀ ਸਰਹੱਦ ਨਾਲੋਂ ਵੀ ਦਿੱਲੀ-ਹਰਿਆਣਾ ਸਰਹੱਦ ’ਤੇ ਜ਼ਿਆਦਾ ਫੋਰਸ ਤਾਇਨਾਤ ਕੀਤੀ ਹੋਈ ਹੈ। ਪਾਕਿਸਤਾਨ ਤੋਂ ਉਹ ਘੁਸਪੈਠੀਆਂ ਨੂੰ ਰੋਕਣ ਲਈ ਇੰਨੀ ਮਿਹਨਤ ਨਹੀਂ ਕਰਦੇ ਜਿੰਨਾ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਹ ਉਹੀ ਭਾਜਪਾ ਹੈ ਜਿਸ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਅਤੇ ਜਦੋਂ ਕਿਸਾਨ ਸਿੰਧੂ ਬਾਰਡਰ ’ਤੇ ਬੈਠੇ ਤਾਂ ਉਨ੍ਹਾਂ ਨੂੰ ਦੇਸ਼ ਵਿਰੋਧੀ ਅਤੇ ਖ਼ਾਲਿਸਤਾਨੀ ਕਿਹਾ ਗਿਆ। 700 ਤੋਂ ਵੱਧ ਕਿਸਾਨਾਂ ਦੀ ਜਾਨ ਗਈ, ਪਰ ਨਾ ਤਾਂ ਭਾਜਪਾ ਅਤੇ ਨਾ ਹੀ ਪ੍ਰਧਾਨ ਮੰਤਰੀ ਮੋਦੀ ਦੇ ਕੰਨ ’ਤੇ ਜੂੰ ਸਰਕੀ।