‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਪੰਜਾਬ ਫੇਰੀ ਦੇ ਦੂਜੇ ਬਠਿੰਡਾ ਵਿਖੇ ਵਪਾਰੀਆਂ ਨਾਲ ਮੁਲਕਾਤ ਕੀਤੀ ਤੇ ਇਕ ਭਰਵੇਂ ਪ੍ਰੋਗਰਾਮ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬੁਲੰਦੀ ਉੱਤੇ ਕਿਵੇਂ ਲਿਜਾਣਾ ਹੈ, ਇਹ ਪੰਜਾਬ ਦੀ ਜਨਤਾ ਹੀ ਦੱਸੇਗੀ।
ਉਨ੍ਹਾਂ ਕਿਹਾ ਕਿ ਮਨੀਸ਼ ਸਿਸ਼ੋਦੀਆ ਨੇ ਦਿੱਲੀ ਵਿਚ ਸਕੂਲ ਠੀਕ ਕੀਤੇ ਤੇ ਹੋਰ ਮੰਤਰੀਆਂ ਨੇ ਸਿਹਤ ਸਹੂਲਤਾਂ ਤੇ ਜਨਤਕ ਪਰੇਸ਼ਾਨੀਆਂ ਦੇ ਸਥਾਈ ਹੱਲ ਲੱਭੇ। ਅਸੀਂ 24 ਘੰਟੇ ਲੋਕਾਂ ਵਿਚ ਘੁੰਮਦੇ ਰਹਿੰਦੇ ਹਾਂ ਤਾਂ ਜੋ ਸੁਧਾਰ ਲਈ ਉਨ੍ਹਾਂ ਤੋਂ ਰਾਇ ਲਈ ਜਾ ਸਕੇ।
ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੌਰਾਨ ਦਿੱਲੀ ਸਰਕਾਰ ਨੇ ਲੋਕਾਂ ਦਾ ਸਾਥ ਲੈ ਕੇ ਵਪਾਰੀਆਂ ਤੇ ਕਾਰੋਬਾਰੀਆਂ ਦਾ ਭਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਕੋਈ ਗੱਲ ਨਹੀਂ ਕਰਦਾ ਹੈ। ਜਿਹੜੇ ਉਦਯੋਗ ਪੰਜਾਬ ਵਿਚ ਚੱਲ ਰਹੇ ਹਨ, ਪਹਿਲਾਂ ਉਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਰਾਜ ਖਤਮ ਕਰਨ ਦੀ ਸਾਡੀ ਨੀਅਤ ਸਾਫ ਹੈ ਤੇ ਜੇ ਨੀਅਤ ਸਾਫ ਹੋਵੇ ਤਾਂ ਕੁੱਝ ਵੀ ਔਖਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਾਡੀ 49 ਦਿਨ ਦੀ ਸਰਕਾਰ ਰਹੀ ਤੇ ਅਸੀਂ ਇੰਨੇ ਘੱਟ ਸਮੇਂ ਵਿੱਚ ਭ੍ਰਿਸ਼ਟ ਅਫਸਰ ਜੇਲ੍ਹਾਂ ਵਿਚ ਡੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਪੂਰੇ 5 ਮਹੀਨੇ ਪਏ ਹਨ, ਜੇ ਉਹ ਚਾਹੁੰਣ ਤਾਂ ਇੰਸਪੈਕਟਰ ਰਾਜ ਖਤਮ ਕਰ ਸਕਦੇ ਹਨ ਤੇ ਉਦਯੋਗ ਵੀ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿਸਾਨ ਤੇ ਉਦਯੋਗ ਪੰਜਾਬ ਦੇ ਦੋ ਪਹੀਏ ਹਨ, ਇਹ ਦੋਵੇਂ ਚੱਲਣੇ ਚਾਹੀਦੇ ਹਨ। ਅਸੀਂ ਇਨ੍ਹਾਂ ਦੋਵਾਂ ਨੂੰ ਚਲਾਉਣ ਲਈ ਕ੍ਰਾਂਤੀ ਕਰਾਂਗੇ, ਜਿਸਨੂੰ ਪੂਰਾ ਦੇਸ਼ ਦੇਖੇਗਾ। ਇਸ ਦੌਰਾਨ ਕਾਰੋਬਾਰੀਆਂ ਨੇ ਕੇਜਰੀਵਾਲ ਨੂੰ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ।
ਕੇਜਰੀਵਾਲ ਨੇ ਕੀਤੇ ਵੱਡੇ ਐਲਾਨ
- ਪੰਜਾਬ ਵਿਚ ਇੰਸਪੈਕਟਰ ਰਾਜ ਖਤਮ ਕਰਾਂਗਾ।
- ਹੁਣ ਕਿਸੇ ਵਪਾਰੀ ਨੂੰ ਤੰਗ ਨਹੀਂ ਕੀਤਾ ਜਾਵੇਗਾ।
- ਬਿਜਲੀ ਦਾ ਪਾਵਰ ਕੱਟ ਬੰਦ ਕੀਤਾ ਜਾਵੇਗਾ।
- ਦਿੱਲੀ ਪੂਰਨ ਰਾਜ ਨਹੀਂ ਸੀ, ਪੰਜਾਬ ਪੂਰਨ ਰਾਜ ਹੈ। ਇਸ ਲਈ ਕਈ ਕੰਮ ਕਰਾਂਗੇ।
- ਪੰਜਾਬ ਨੂੰ ਵੀ ਦਿਲੀ ਵਾਂਗ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
- ਸਾਰੇ ਵੈਟ ਦੇ ਰਿਫੰਡ ਜੋ ਰੁਕੇ ਹੋਏ ਹਨ, ਸਰਕਾਰ ਬਣਨ ਉੱਤੇ ਦਿੱਤੇ ਜਾਣਗੇ।
- ਬਠਿੰਡਾ ਵਿਚ ਜੋਜੋ ਟੈਕਸ ਨੂੰ ਬੰਦ ਕਰਾਂਗੇ।
- ਪੰਜਾਬ ਦੀ ਮਿਲ ਕੇ ਤਰੱਕੀ ਕੀਤੀ ਜਾਵੇਗੀ, ਡਰ ਦਾ ਮਾਹੌਲ ਖਤਮ ਕੀਤਾ ਜਾਵੇਗਾ।
ਕਾਰੋਬਾਰੀਆਂ ਤੋਂ ਵੱਡਾ ਕੋਈ ਦੇਸ਼ਭਗਤ ਨਹੀਂ : ਭਗਵੰਤ ਮਾਨ
ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਇਸ ਲਈ ਪੰਜਾਬ ਆ ਰਹੇ ਹਨ ਕਿ ਉਹ ਸਮਝ ਸਕਣ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਪੀਐਮ ਮੋਦੀ ਵੀ ਆਪਣੇ ਮਨ ਦੀ ਗੱਲ ਸੁਣਾਉਂਦੇ ਹਨ, ਪਰ ਤੁਹਾਡੀ ਕੋਈ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਬਠਿੰਡਾ ਮੇਰਾ ਹਲਕਾ ਹੈ। ਇਥੇ ਦੇ ਲੋਕਾਂ ਨਾਲ ਸਾਡੀਆਂ ਰਿਸ਼ਤੇਦਾਰਾਂ ਵਾਂਗ ਸਾਂਝਾ ਹਨ ਤੇ ਵਪਾਰੀਆਂ ਦੇ ਕੰਮਕਾਰ ਦਾ ਵੀ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੀਡਰਾਂ ਨੇ ਵਪਾਰੀਆਂ ਨੂੰ ਡਰਨ ਲਾ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ ਚੁਣੀਆਂ ਜਾਂਦੀਆਂ। ਇਹ ਲੋਕਾਂ ਦੇ ਕਾਰੋਬਾਰ ਵਧਾਉਣ ਵਾਸਤੇ ਹੁੰਦੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਲਾਲ-ਪੀਲੀਆਂ ਥੈਲੀਆਂ ਲੈਣ ਨਹੀਂ ਆਏ, ਤੁਹਾਡੇ ਦੁੱਖ ਦਰਦ ਸੁਣਨ ਆਏ ਹਾਂ। ਉਨ੍ਹਾਂ ਕਿਹਾ ਕਿ ਨੀਅਤ ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਤੋਂ ਸਭ ਤੋਂ ਵੱਡਾ ਦੇਸ਼ਭਗਤ ਕੋਈ ਨਹੀਂ ਹੈ, ਕਿਉਂ ਕਿ ਸਭ ਤੋਂ ਵਧ ਇਹੀ ਟੈਕਸ ਦਿੰਦੇ ਹਨ ਤੇ ਚੋਰ ਵੀ ਲੀਡਰ ਇਨ੍ਹਾਂ ਨੂੰ ਕਹਿੰਦੇ ਹਨ, ਜਿਹੜੀ ਸ਼ਰਮ ਵਾਲੀ ਗੱਲ ਹੈ। ਅਸੀਂ ਸਾਰੇ ਵਪਾਰੀਆਂ ਨਾਲ ਮਿਲੇ ਹਾਂ, ਸਾਰਿਆਂ ਦਾ ਇਹੀ ਰੋਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਮਰਨ ਕੰਢੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਕਾਰੋਬਾਰੀ ਰੋਡ ਮੈਪ ਦੱਸਣਗੇ, ਉਸਨੂੰ ਫਾਲੋ ਕੀਤਾ ਜਾਵੇਗਾ।