India Religion

ਅਰਵਿੰਦ ਕੇਜਰੀਵਾਲ ਪਤਨੀ ਨਾਲ ਪਹੁੰਚੇ ਹਨੂੰਮਾਨ ਮੰਦਰ! ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਵੀ ਨਾਲ ਮੌਜੂਦ

ਨਵੀਂ ਦਿੱਲੀ: ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਸਵੇਰੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਦਰਸ਼ਨ ਕਰਨ ਪਹੁੰਚੇ। ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ‘ਆਪ’ ਆਗੂ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੀ ਉਨ੍ਹਾਂ ਦੇ ਨਾਲ ਪਹੁੰਚੇ।

ਮੰਦਰ ਪਹੁੰਚ ਕੇ ਕੇਜਰੀਵਾਲ ਨੇ ਆਪਣੀ ਪਤਨੀ ਨਾਲ ਹਨੂੰਮਾਨ ਭਗਵਾਨ ਨੂੰ ਜਲ ਚੜ੍ਹਾਇਆ। ਪੁਜਾਰੀ ਨੇ ਉਨ੍ਹਾਂ ਨੂੰ ਇੱਕ ਗਦਾ ਦੇ ਕੇ ਚੁੰਨੀ ਚੜ੍ਹਾਈ। ਪੂਜਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਰਾਜਘਾਟ ਜਾਣਗੇ। ਉਹ ਮਹਾਤਮਾ ਗਾਂਧੀ ਦੀ ਸਮਾਧ ’ਤੇ ਪਹੁੰਚ ਕੇ ਸ਼ਰਧਾਂਜਲੀ ਭੇਟ ਕਰਨਗੇ।

ਦੱਸ ਦੇਈਏ ਸ਼ਰਾਬ ਨੀਤੀ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੇ ਵੀ ਇਸੇ ਹਨੂੰਮਾਨ ਮੰਦਰ ’ਚ ਬਜਰੰਗ ਬਲੀ ਦੀ ਪੂਜਾ ਕੀਤੀ ਸੀ। ਅੰਤਰਿਮ ਜ਼ਮਾਨਤ ਤੋਂ ਬਾਅਦ 2 ਜੂਨ ਨੂੰ ਆਤਮ ਸਮਰਪਣ ਕਰਨ ਤੋਂ ਪਹਿਲਾਂ ਵੀ ਕੇਜਰੀਵਾਲ ਇਸੇ ਮੰਦਰ ’ਚ ਬਜਰੰਗ ਬਲੀ ਦੇ ਦਰਸ਼ਨ ਕੀਤੇ ਸਨ।

ਅਰਵਿੰਦ ਕੇਜਰੀਵਾਲ 13 ਸਤੰਬਰ ਨੂੰ ਸ਼ਾਮ ਕਰੀਬ 6.15 ਵਜੇ ਤਿਹਾੜ ਜੇਲ੍ਹ ਤੋਂ ਬਾਹਰ ਆਏ ਸਨ। ਬਾਹਰ ਆ ਕੇ ਉਨ੍ਹਾਂ ਨੇ ਕਿਹਾ ਕਿ ਮੇਰੇ ਖੂਨ ਦੀ ਹਰ ਬੂੰਦ ਦੇਸ਼ ਲਈ ਸਮਰਪਿਤ ਹੈ। ਮੇਰਾ ਜੀਵਨ ਦੇਸ਼ ਨੂੰ ਸਮਰਪਿਤ ਹੈ। ਇਹ ਲੋਕ ਸੋਚਦੇ ਸਨ ਕਿ ਉਹ ਮੈਨੂੰ ਜੇਲ੍ਹ ਵਿੱਚ ਪਾ ਕੇ ਮੇਰਾ ਮਨੋਬਲ ਤੋੜ ਦੇਣਗੇ। ਪਰ ਅੱਜ ਮੈਂ ਜੇਲ੍ਹ ਤੋਂ ਬਾਹਰ ਆਇਆ ਹਾਂ ਅਤੇ ਮੇਰਾ ਹੌਂਸਲਾ 100 ਗੁਣਾ ਵੱਧ ਗਿਆ ਹੈ। ਮੈਂ ਸੱਚਾ ਸੀ, ਮੈਂ ਸਹੀ ਸੀ, ਇਸ ਲਈ ਰੱਬ ਨੇ ਮੇਰਾ ਸਾਥ ਦਿੱਤਾ।