India Technology

ਦਿੱਲੀ ਵਿੱਚ ‘ਨਕਲੀ ਮੀਂਹ’ ਦਾ ਟ੍ਰਾਇਲ ਫੇਲ੍ਹ, ‘ਕਲਾਊਡ ਸੀਡਿੰਗ’ ਰੋਕੀ

ਬਿਊਰੋ ਰਿਪੋਰਟ (ਨਵੀਂ ਦਿੱਲੀ, 29 ਅਕਤੂਬਰ 2025): ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ੁਰੂ ਕੀਤੇ ਗਏ ਨਕਲੀ ਬਾਰਿਸ਼ (ਕਲਾਊਡ ਸੀਡਿੰਗ) ਪ੍ਰੋਜੈਕਟ ਨੂੰ ਝਟਕਾ ਲੱਗਾ ਹੈ। ਆਈ.ਆਈ.ਟੀ. ਕਾਨਪੁਰ ਦੇ ਸਹਿਯੋਗ ਨਾਲ ਕੀਤੇ ਗਏ ਤਿੰਨ ਟ੍ਰਾਇਲ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਬੁੱਧਵਾਰ ਨੂੰ ਹੋਣ ਵਾਲਾ ਅਗਲਾ ਟ੍ਰਾਇਲ ਰੱਦ ਕਰ ਦਿੱਤਾ ਗਿਆ ਹੈ।

ਦਿੱਲੀ ਸਰਕਾਰ ਪ੍ਰਦੂਸ਼ਣ ਘਟਾਉਣ ਲਈ ਕੁੱਲ 3.2 ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਦਿੱਲੀ ਵਾਤਾਵਰਣ ਵਿਭਾਗ ਅਤੇ ਆਈ.ਆਈ.ਟੀ. ਕਾਨਪੁਰ ਦਰਮਿਆਨ ਹੋਏ ਸਮਝੌਤੇ ਅਨੁਸਾਰ, ਇਸ ਪ੍ਰੋਜੈਕਟ ਦੇ ਇੱਕ ਟ੍ਰਾਇਲ ਦੀ ਕੀਮਤ ਕਰੀਬ ₹64 ਲੱਖ ਹੈ, ਜਿਸ ਵਿੱਚੋਂ ਹੁਣ ਸਿਰਫ਼ ਦੋ ਹੋਰ ਟ੍ਰਾਇਲ ਬਾਕੀ ਹਨ।

ਅਸਫ਼ਲਤਾ ਦਾ ਕਾਰਨ

ਮਾਹਰਾਂ ਦਾ ਕਹਿਣਾ ਹੈ ਕਿ ਕਲਾਊਡ ਸੀਡਿੰਗ ਤਾਂ ਹੀ ਸਫ਼ਲ ਹੁੰਦੀ ਹੈ ਜਦੋਂ ਹਵਾ ਵਿੱਚ ਕਰੀਬ 50% ਨਮੀ ਹੋਵੇ, ਪਰ 28 ਅਕਤੂਬਰ ਨੂੰ ਹੋਏ ਟ੍ਰਾਇਲਾਂ ਦੌਰਾਨ ਇਹ ਨਮੀ ਸਿਰਫ਼ 10-15% ਦੇ ਵਿਚਕਾਰ ਸੀ। ਮੰਗਲਵਾਰ ਨੂੰ ਯੂਪੀ ਦੇ ਮੇਰਠ ਤੋਂ ਉਡਾਣ ਭਰਨ ਵਾਲੇ ਖਾਸ ਜਹਾਜ਼ ਸੇਸਨਾ’ ਨੇ ਦਿੱਲੀ ਦੇ ਖੇਕੜਾ, ਬੁਰਾੜੀ ਅਤੇ ਮਯੂਰ ਵਿਹਾਰ ਇਲਾਕੇ ਵਿੱਚ 6,000 ਫੁੱਟ ਦੀ ਉਚਾਈ ’ਤੇ ਰਸਾਇਣਾਂ ਦਾ ਛਿੜਕਾਅ ਕੀਤਾ ਸੀ। ਅੰਦਾਜ਼ਾ ਸੀ ਕਿ 4 ਘੰਟਿਆਂ ਅੰਦਰ ਮੀਂਹ ਪੈ ਸਕਦਾ ਹੈ, ਪਰ ਰਾਤ ਤੱਕ ਬਾਰਿਸ਼ ਨਹੀਂ ਹੋਈ।

‘ਆਪ’ ਆਗੂ ਨੇ ਲਈ ਚੁਟਕੀ 

ਇਸ ਦੌਰਾਨ, ਆਮ ਆਦਮੀ ਪਾਰਟੀ (AAP) ਦੇ ਇੱਕ ਆਗੂ ਸੌਰਭ ਭਾਰਦਵਾਜ ਨੇ ਇੱਕ ਵੀਡੀਓ ਰਾਹੀਂ ਦਿੱਲੀ ਸਰਕਾਰ ਦੇ ਇਸ ਪ੍ਰਯੋਗ ਦਾ ਮਜ਼ਾਕ ਉਡਾਇਆ। ਹੱਸਦੇ ਹੋਏ ਉਨ੍ਹਾਂ ਕਿਹਾ, “ਬਾਰਿਸ਼ ਵਿੱਚ ਵੀ ਫਰਜ਼ੀਵਾੜਾ, ਨਕਲੀ ਵਰਖਾ ਦਾ ਕੋਈ ਨਿਸ਼ਾਨ ਨਹੀਂ ਦਿਸ ਰਿਹਾ ਹੈ। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ‘ਦੇਵਤਾ ਇੰਦਰ’ ਵਰਖਾ ਕਰਨਗੇ ਅਤੇ ਸਰਕਾਰ ਖਰਚਾ ਦਿਖਾਏਗੀ।”

ਦਿੱਲੀ ਸਰਕਾਰ ਦਾ ਦਾਅਵਾ

ਹਾਲਾਂਕਿ, ਦਿੱਲੀ ਸਰਕਾਰ ਦੀ ਅੰਦਰੂਨੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਮੀ ਦੀ ਕਮੀ ਦੇ ਬਾਵਜੂਦ ਟ੍ਰਾਇਲ ਸਫ਼ਲ ਰਿਹਾ। ਰਿਪੋਰਟ ਅਨੁਸਾਰ, ਇਸ ਕਾਰਨ ਹਵਾ ਵਿੱਚ ਮੌਜੂਦ ਧੂੜ ਦੇ ਕਣਾਂ (PM2.5 ਅਤੇ PM10) ਦੀ ਮਾਤਰਾ ਵਿੱਚ ਕਮੀ ਆਈ ਹੈ। ਟ੍ਰਾਇਲ ਤੋਂ ਬਾਅਦ ਮਯੂਰ ਵਿਹਾਰ, ਕਰੋਲ ਬਾਗ ਅਤੇ ਬੁਰਾੜੀ ਵਿੱਚ PM2.5 ਦਾ ਪੱਧਰ 221-230 ਤੋਂ ਘਟ ਕੇ 203-207 ਤੱਕ ਆ ਗਿਆ ਸੀ। ਇਸ ਤੋਂ ਇਲਾਵਾ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਬਹੁਤ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ ਸੀ।