India Punjab

ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੇ ਕੈਬਨਿਟ ਸਾਥੀਆਂ ਨਾਲ ਅੰਮ੍ਰਿਤਸਰ ਦੇ ਇੱਕ ਦਿਨੀ ਧਾਰਮਿਕ ਤੇ ਸੱਭਿਆਚਾਰਕ ਦੌਰੇ ’ਤੇ ਪਹੁੰਚੀਆਂ। ਰਾਜਾਸਾਂਸੀ ਹਵਾਈ ਅੱਡੇ ’ਤੇ ਪਹੁੰਚਦਿਆਂ ਹੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਫਿਰ ਕਾਫ਼ਲਾ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਿੱਥੇ ਮੁੱਖ ਮੰਤਰੀ ਨੇ ਮੱਥਾ ਟੇਕਿਆ ਤੇ ਅਰਦਾਸ ਕੀਤੀ।

ਸ੍ਰੀ ਦਰਬਾਰ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਹਾਲ ਹੀ ਵਿੱਚ ਮਨਾਈ ਗਈ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਫ਼ਲ ਤੇ ਸ਼ਾਂਤੀਪੂਰਨ ਸਮਾਗਮ ਲਈ ਉਹ ਖ਼ਾਸ ਤੌਰ ’ਤੇ ਗੁਰੂ ਸਾਹਿਬ ਅੱਗੇ ਸ਼ੁਕਰਾਨਾ ਕਰਨ ਆਈ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸਮਾਗਮ ਵਾਲੇ ਦਿਨ ਦਿੱਲੀ ਵਿੱਚ ਧਮਾਕਾ ਹੋਇਆ ਸੀ, ਤਾਂ ਉਹ ਬਹੁਤ ਡਰ ਗਈਆਂ ਸਨ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਪ੍ਰੋਗਰਾਮ ਸੁਰੱਖਿਅਤ ਰਹੇ।

ਗੁਰੂ ਦੀ ਕਿਰਪਾ ਨਾਲ ਸਭ ਕੁਝ ਸ਼ਾਂਤੀ ਨਾਲ ਸੰਪੰਨ ਹੋਇਆ। ਉਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕੀਤਾ ਤੇ ਦੱਸਿਆ ਕਿ ਇਸ ਮੌਕੇ ਗੁਰੂ ਸਾਹਿਬਾਨ ਦੇ ਇਤਿਹਾਸ ’ਤੇ ਬੱਚਿਆਂ ਲਈ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਮੁੱਖ ਮੰਤਰੀ ਦਾ ਅਗਲਾ ਪੜਾਅ ਸ਼੍ਰੀ ਦੁਰਗਿਆਣਾ ਤੀਰਥ ਹੋਵੇਗਾ, ਜਿੱਥੇ ਉਹ ਮੱਥਾ ਟੇਕਣਗੇ।

ਤੀਜਾ ਤੇ ਆਖ਼ਰੀ ਸਥਾਨ ਸ਼੍ਰੀ ਰਾਮ ਤੀਰਥ (ਵਾਲਮੀਕਿ ਤੀਰਥ) ਹੋਵੇਗਾ, ਜੋ ਰਿਸ਼ੀ ਵਾਲਮੀਕਿ ਜੀ ਤੇ ਮਾਤਾ ਸੀਤਾ ਨਾਲ ਜੁੜਿਆ ਪਵਿੱਤਰ ਸਥਾਨ ਹੈ। ਇੱਕੋ ਦਿਨ ਵਿੱਚ ਸ੍ਰੀ ਹਰਿਮੰਦਰ ਸਾਹਿਬ (ਸਿੱਖ), ਦੁਰਗਿਆਣਾ ਤੀਰਥ (ਹਿੰਦੂ) ਤੇ ਵਾਲਮੀਕਿ ਤੀਰਥ (ਵਾਲਮੀਕਿ ਸਮਾਜ) ਦੇ ਦਰਸ਼ਨ ਕਰਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਧਾਰਮਿਕ ਵਿਭਿੰਨਤਾ ਅਤੇ ਸਾਂਝੀ ਵਿਰਾਸਤ ਦਾ ਸੰਦੇਸ਼ ਦਿੱਤਾ। ਸਾਰੇ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਵਫ਼ਦ ਰਾਜਾਸਾਂਸੀ ਹਵਾਈ ਅੱਡੇ ਰਾਹੀਂ ਦਿੱਲੀ ਵਾਪਸ ਰਵਾਨਾ ਹੋ ਜਾਵੇਗਾ।