Punjab

ਕੇਜਰੀਵਾਲ ਦਾ ਪ੍ਰਧਾਨ ਮੰਤਰੀ ਨੂੰ ਸੁਨੇਹਾ,ਭ੍ਰਿਸ਼ਟਾਚਾਰ ਸਾਬਿਤ ਹੋ ਗਿਆ ਤਾਂ ਚੌਰਾਹੇ ‘ਚ ਫਾਂਸੀ ਦੇ ਦਿਓ

ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 80 ਹੋਰ ਮੁਹੱਲਾ ਕਲੀਨਿਕ ਪੂਰੇ ਸੂਬੇ ਭਰ ਵਿੱਚ ਖੋਲੇ ਜਾਣ ‘ਤੇ ਖੁਸ਼ੀ ਪ੍ਰਗਟਾਈ ਹੈ। ਲੁਧਿਆਣਾ ਵਿੱਚ ਬੋਲਦਿਆਂ ਉਹਨਾਂ ਵਿਰੋਧੀ ਧਿਰ ‘ਤੇ ਹਮਲਾ ਕੀਤਾ ਤੇ ਕਿਹਾ ਹੈ ਕਿ ਪਹਿਲੀਆਂ ਸਰਕਾਰਾਂ ਨੇ ਇਸ ਪਾਸੇ ਵਲ ਕੋਈ ਧਿਆਨ ਨਹੀਂ ਸੀ ਪਰ ਹੁਣ ਇੱਕ ਸਾਲ ਵਿੱਚ 580  ਮੁਹੱਲਾ ਕਲੀਨਿਕ ਖੋਲੇ ਗਏ ਹਨ।

ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਲਾਇਆ ਹੈ ਕਿ ਜੇਕਰ ਕੇਜਰੀਵਾਲ ਬੇਈਮਾਨ ਹੈ ਤਾਂ ਇਸ ਦੁਨਿਆ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਉਹਨਾਂ ਸਿੱਧੀ ਚੁਣੌਤੀ ਦਿੱਤੀ ਹੈ ਕਿ ਜਿਸ ਦਿਨ ਕੇਜਰੀਵਾਲ ਦੇ ਖਿਲਾਫ ਭ੍ਰਿਸ਼ਟਾਚਾਰ ਸਾਬਿਤ ਹੋ ਜਾਵੇ ਤਾਂ ਉਹਨਾਂ ਨੂੰ ਚੌਰਾਹੇ ‘ਤੇ ਖੜਾ ਕਰਕੇ ਬੇਸ਼ਕ ਫਾਂਸੀ ਦੇ ਦਿੱਤੀ ਜਾਵੇ।

ਕੇਜਰੀਵਾਲ ਅੱਜ ਅੰਮ੍ਰਿਤਪਾਲ ਮੁੱਦੇ ਤੇ ਵੀ ਬੋਲੇ ਤੇ ਮਾਨ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਇਸ ਮੁੱਦੇ ਨੂੰ ਨਜੀਠਿਆ ਹੈ। ਬਿਨਾਂ ਕੋਈ ਸ਼ੋਰ -ਸ਼ਰਾਬਾ ਕੀਤੇ ਤੇ ਬਿਨਾਂ ਕੋਈ ਗੋਲੀ ਚਲਾਏ ਮਾਨ ਸਰਕਾਰ ਤੇ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਹੈ।ਇਸ ਲਈ ਉਹ ਵਧਾਈ ਦੇ ਪਾਤਰ ਹਨ।ਇੱਕ ਸਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਅਮਨ-ਕਾਨੂੰਨ ਦੇ ਹਾਲਾਤ ਇੰਨੇ ਵਧੀਆ ਹੋ ਗਏ ਹਨ,ਜੋ ਅੱਜ ਤੱਕ ਨਹੀਂ ਸੀ ਹੋਏ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਬਾਰੇ ਕਿਹਾ ਜਾ ਰਿਹਾ ਸੀ ਕਿ ਸਰਹੱਦੀ ਸੂਬਾ ਇਹਨਾਂ ਕੋਲੋਂ ਸੰਭਾਲ ਨਹੀਂ ਹੋਣਾ ਪਰ ਪੰਜਾਬ ਨੂੰ ਤਾਂ ਆਪ ਨੇ ਸੰਭਾਲ ਲਿਆ ਪਰ ਇਹਨਾਂ ਕੋਲੋਂ ਹੁਣ ਮਣੀਪੁਰ ਨਹੀਂ ਸੰਭਾਲਿਆ ਜਾ ਰਿਹਾ ਹੈ। ਇਥੇ ਹਾਲਾਤ ਸੁਧਾਰਨ ਦੀ ਬਜਾਇ ਕਰਨਾਟਕ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਆਪਣੇ ਪੰਜਾਬ ਦੌਰਿਆਂ ਬਾਰੇ ਦੱਸਦਿਆਂ ਉਹਨਾਂ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਹਰ ਵਾਰ ਪੰਜਾਬ ਵਿੱਚ ਕੁੱਝ ਨਵਾਂ ਦੇਖਣ ਨੂੰ ਮਿਲਦਾ ਹੈ,ਕਦੇ ਮੁਹੱਲਾ ਕਲੀਨਿਕ ਤੇ ਕਦੇ ਯੋਗਾ ਕਲਾਸ।ਖੁਸ਼ੀ ਦੀ ਗੱਲ ਹੈ ਕਿ ਪੰਜਾਬ ਤਰੱਕੀ ਕਰ ਰਿਹਾ ਹੈ।ਪੰਜਾਬ ਦੇ ਲੋਕ 75 ਸਾਲਾਂ ਵਿੱਚ ਸਿਰਫ਼ ਲੁੱਟ ਹੋਏ ਹਨ ਤੇ ਪਰ ਹੁਣ ਪੰਜਾਬ ਵਿੱਚ ਚੰਗੇ ਕੰਮ ਹੋਣ ਲੱਗ ਪਏ ਹਨ।ਦਿੱਲੀ ਤੋਂ ਬਾਅਦ ਹੁਣ  ਪੰਜਾਬ ਦੀ ਵਾਰੀ ਹੈ,ਇਥੇ ਹੁਣ ਚੰਗੇ ਕੰਮਾਂ ਦੀ ਖੁਸ਼ਬੋ ਫੈਲਣ ਲੱਗ ਪਈ ਹੈ। ਬਿਜਲੀ ਮੁਫ਼ਤ ਕਰਨ ਤੇ 29000 ਸਰਕਾਰੀ ਨੌਕਰੀਆਂ ਦੇਣ ਵਰਗੇ ਕੰਮ ਮਾਨ ਸਰਕਾਰ ਨੇ ਕੀਤੇ ਹਨ ਤੇ 40,000 ਕਰੋੜ ਦਾ ਨਿਵੇਸ਼ ਪੰਜਾਬ ਲਿਆਂਦਾ ਹੈ। ਹੋਰਨਾਂ ਸੂਬਿਆਂ ਵਿੱਚ ਉਦਘਾਟਨ ਦੇ ਨਾਂ ‘ਤੇ ਸਿਰਫ਼ ਡਰਾਮਾ ਹੁੰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਇੱਕ ਸਾਲ ਵਿੱਚ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਦਾ ਦੌਰਾ ਕੀਤਾ ਹੈ ਤੇ ਹਰ ਇੱਕ  ਨਿਵੇਸ਼ਕ ਨਾਲ ਆਪ ਗੱਲਬਾਤ ਕਰ ਕੇ ਸਿਰਫ਼ ਐਮਓਯੂ ਹੀ ਸਾਈਨ ਨਹੀਂ ਕੀਤੇ ਸਗੋਂ ਸੂਬੇ ਵਿੱਚ ਫੈਕਟਰੀਆਂ ਦਾ ਨਿਰਮਾਣ ਵੀ ਸ਼ੁਰੂ ਵੀ ਕਰਵਾ ਦਿਤਾ ਹੈ। ਜਿਸ ਨਾਲ ਢਾਈ ਲੱਖ ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਮਿਲਣਾ ਸ਼ੁਰੂ ਹੋ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਮਾਨ ਬਿਨਾਂ ਕਿਸੇ ਘਮੰਡ ਦੇ ਸਾਰਿਆਂ ਨੂੰ ਮਿਲਦੇ ਹਨ।ਪਿਛਲੀਆਂ ਸਰਕਾਰਾਂ ਦੀ ਨੀਤ ਖਰਾਬ ਸੀ,ਇਸ ਲਈ ਕੋਈ ਵੀ ਕਰਮਚਾਰੀ ਖੁਸ਼ ਨਹੀਂ ਸੀ ਪਰ ਹੁਣ ਆਪ ਸਰਕਾਰ ਦੇ ਆਉਂਦੇ ਹੀ ਸਾਰੀਆਂ ਕਾਨੂੰਨੀ  ਅੜਚਣਾਂ ਨੂੰ ਦੂਰ ਕਰ ਕੇ ਨੌਕਰੀ ਦਿੱਤੀ ਹੈ ਤੇ ਉਹਨਾਂ ਨੂੰ ਖ਼ਜਲ ਹੋਣ ਤੋਂ ਬਚਾਇਆ ਹੈ।

ਉਹਨਾਂ ਸਕੂਲ ਆਫ਼ ਐਮੀਨੈਂਸ ਦਾ ਵੀ ਜ਼ਿਕਰ ਕੀਤਾ ਤੇ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਇੰਨੀ ਵਧੀਆ ਹੋ ਜਾਵੇਗੀ ਕਿ ਹਰ ਕੋਈ ਇਥੇ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਵਿੱਚ ਮਾਣ ਮਹਿਸੂਸ ਕਰੇਗਾ।

ਇਸ ਤੋਂ ਇਲਾਵਾ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਲਾਜ ਮੁਫ਼ਤ ਕੀਤਾ ਜਾਵੇਗਾ।

ਕਿਸਾਨਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ,ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ,ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ ਸਨਮਾਨ ਰਾਸ਼ੀ ਦੇਣ ਵਰਗੇ ਕੰਮ ਪਹਿਲੀ ਵਾਰ ਹੋਏ ਹਨ।ਇਹ ਸਭ ਸਿਰਫ਼ ਆਪ ਸਰਕਾਰ ਦੀ ਨੀਅਤ ਸਾਫ ਹੋਣ ਨਾਲ ਹੀ ਸੰਭਵ ਹੋਇਆ ਹੈ।

ਇਸੇ ਕਰਕੇ ਹੁਣ ਪੰਜਾਬ ਸਿਰ ਕਰਜਾ ਵੀ ਘੱਟ ਹੋਣ ਲੱਗ ਪਿਆ ਹੈ ਤੇ ਖਜਾਨਾ ਵੀ ਭਰ ਰਿਹਾ ਹੈ । ਜਿਸ ਨੂੰ ਦੇਖ ਕੇ ਹੁਣ ਵਿਰੋਧੀ ਧਿਰ ਘਬਰਾ ਗਈ ਹੈ। ਆਪ ਹੁਣ ਤੀਜੇ ਨੰਬਰ ਦੀ ਰਾਸ਼ਟਰੀ ਪਾਰਟੀ ਬਣ ਗਈ ਹੈ। ਇਸ ਲਈ ਹੁਣ ਪਾਰਟੀ ਨੂੰ ਬਦਨਾਮ ਕਰਨ ਲਈ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਵਿੱਚ ਬਣੇ ਪਹਿਲੇ ਮੁਹੱਲਾ ਕਲੀਨਿਕ ਦੇ ਚਰਚੇ ਅੰਤਰਰਾਸ਼ਟਰੀ ਪੱਧਰ ਤੇ ਹੋਏ ਸਨ। ਇਸੇ ਤਰਾਂ ਦਿੱਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੀ ਵੱਡੇ ਪੱਧਰ ਦਾ ਬਦਲਾਅ ਹੋਇਆ ਹੈ।ਜਿਸ ਕਾਰਨ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਈਡੀ,ਸੀਬੀਆਈ ਦੀ ਰੇਡ ਹੋਈ ਪਰ ਕੁੱਝ ਨਹੀਂ ਮਿਲਿਆ।