‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਅਤੇ ਹਰਿਆਣਾ ਸਰਹੱਦ ਨੂੰ ਜੋੜਨ ਵਾਲੇ ਸਿੰਘੂ ਸਰਹੱਦ ‘ਤੇ ਪਹੁੰਚੇ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਲਈ ਕੀਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਕੇਜਰੀਵਾਲ ਨੇ ਸਿੰਘੂ ਸਰਹੱਦ ‘ਤੇ ਕਿਹਾ ਕਿ ‘ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਜਾਇਜ਼ ਹਨ। ਮੈਂ ਅਤੇ ਮੇਰੀ ਪਾਰਟੀ ਸ਼ੁਰੂ ਤੋਂ ਹੀ ਉਨ੍ਹਾਂ ਨਾਲ ਖੜੇ ਹਾਂ। ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਵਿੱਚ, ਦਿੱਲੀ ਪੁਲਿਸ ਨੇ 9 ਸਟੇਡੀਅਮਾਂ ਨੂੰ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਸੀ। ਮੇਰੇ ਉੱਤੇ ਦਬਾਅ ਪਾਇਆ ਗਿਆ ਸੀ, ਪਰ ਮੈਂ ਇਸ ਦੀ ਇਜਾਜ਼ਤ ਨਹੀਂ ਦਿੱਤੀ।’
ਕੇਜਰੀਵਾਲ ਨੇ ਕਿਹਾ ਕਿ ‘ਸਾਡੀ ਪਾਰਟੀ, ਵਿਧਾਇਕ ਅਤੇ ਨੇਤਾ ਉਦੋਂ ਤੋਂ ਹੀ ਕਿਸਾਨਾਂ ਦੀ ਸੇਵਾ ਕਰ ਰਹੇ ਹਨ। ਮੈਂ ਇੱਥੇ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਸੇਵਾਦਾਰ ਵਜੋਂ ਆਇਆ ਹਾਂ। ਕਿਸਾਨ ਅੱਜ ਮੁਸੀਬਤ ਵਿੱਚ ਹਨ, ਸਾਨੂੰ ਉਨ੍ਹਾਂ ਦੇ ਨਾਲ ਖਲੋਣਾ ਚਾਹੀਦਾ ਹੈ। ‘ਆਪ’ 8 ਦਸੰਬਰ ਨੂੰ ਭਾਰਤ ਬੰਦ ਦਾ ਸਮਰਥਨ ਕਰਦੀ ਹੈ, ਪਾਰਟੀ ਵਰਕਰ ਇਸ ਵਿੱਚ ਹਿੱਸਾ ਲੈਣਗੇ।’
ਕਿਸਾਨੀ ਅੰਦੋਲਨ 26 ਨਵੰਬਰ ਨੂੰ ਸ਼ੁਰੂ ਹੋਇਆ ਸੀ। ਕੇਂਦਰ ਸਰਕਾਰ ਸਮਝਦੀ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਅਤੇ ਸਰਕਾਰ ਕਹਿ ਰਹੀ ਹੈ ਕਿ ਗੱਲਬਾਤ ਦੇ ਜ਼ਰੀਏ ਕਿਸਾਨਾਂ ਦੇ ‘ਸਾਰੇ ਭਰਮ’ ਦੂਰ ਕੀਤੇ ਜਾ ਸਕਦੇ ਹਨ। ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ ਨਾਲ ਜੁੜੇ ਲੋਕਾਂ ਦਰਮਿਆਨ ਪੰਜ-ਪੜਾਅ ਦੀ ਗੱਲਬਾਤ ਕੀਤੀ ਗਈ ਹੈ। ਛੇਵੇਂ ਪੜਾਅ ਦੀ ਗੱਲਬਾਤ 9 ਦਸੰਬਰ ਨੂੰ ਹੋਣੀ ਹੈ। ਹੁਣ ਤੱਕ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਹੀ ਰਹੀ ਹੈ।