India

“ਚੋਣਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਅਸੀਂ ਸੇਵਾ ਲਈ ਆਏ ਹਾਂ ਤੇ ਉਹ ਹੀ ਕਰਦੇ ਰਹਾਂਗੇ”ਅਰਵਿੰਦ ਕੇਜਰੀਵਾਲ

ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪ ਦੇ ਰਾਸ਼ਟਰੀ ਪਾਰਟੀ ਬਣਨ ਤੇ ਸਾਰੇ ਵਰਕਰਾਂ ਦੇ ਧੰਨਵਾਦ ਕੀਤਾ ਹੈ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ । ਆਪਣੇ ਵੀਡੀਓ ਸੰਦੇਸ਼ ਵਿੱਚ ਉਹਨਾਂ ਗੁਜਰਾਤ ਨਤੀਜਿਆਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਜਿੰਨੀਆਂ ਵੋਟਾਂ ਆਫ ਨੂੰ ਗੁਜਰਾਤ ਵਿੱਚੋਂ ਮਿਲੀਆਂ ਹਨ,ਉਹਨਾਂ ਦੇ ਹਿਸਾਬ ਨਾਲ ਆਪ ਹੁਣ ਰਾਸ਼ਟਰੀ ਪਾਰਟੀ ਬਣ ਗਈ ਹੈ।

ਉਹਨਾਂ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ ਹੈ ਤੇ ਕਿਹਾ ਹੈ ਕਿ ਸਿਰਫ਼ 10 ਸਾਲ ਪੁਰਾਣੀ ਪਾਰਟੀ ਹੋਣ ਦੇ ਬਾਵਜੂਦ ਇਹ ਮੁਕਾਮ ਹਾਸਿਲ ਹੋਇਆ ਹੈ,ਜੇ ਕਿ ਬਹੁਤ ਵੱਡੀ ਗੱਲ ਹੈ।

ਉਹਨਾਂ ਇਸ ਪ੍ਰਾਪਤੀ ਲਈ ਤੇ ਆਪਣੇ ਗੁਜਰਾਤ ਦੌਰੇ ਦੇ ਦੌਰਾਨ ਗੁਜਰਾਤੀਆਂ ਵੱਲੋਂ ਮਿਲੇ ਪਿਆਰ-ਸਨਮਾਨ ਲਈ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਉਹਨਾਂ ਨੂੰ ਬਹੁਤ ਕੁੱਝ ਸਿਖਣ ਨੂੰ ਮਿਲਿਆ ਹੈ।

ਆਪ ਸੁਪਰੀਮੋ ਨੇ ਇਹ ਵੀ ਗੱਲ ਸਾਰਿਆਂ ਨਾਲ ਸਾਂਝੀ ਕੀਤੀ ਹੈ ਕਿ ਗੁਜਰਾਤ ਨੂੰ ਭਾਜਪਾ ਦਾ ਗੜ ਮੰਨਿਆਂ ਜਾਂਦਾ ਸੀ ਪਰ ਇਸ ਕਿਲੇ ਨੂੰ ਆਪ ਨੇ ਹੀ ਸੰਨ ਲਾਈ ਹੈ ਤੇ ਅਗਲੀ ਵਾਰ ਇਹ ਕਿਲਾ ਜਿੱਤਣ ਦੀ ਦਾਅਵਾ ਵੀ ਉਹਨਾਂ ਕੀਤਾ ਹੈ।

ਉਹਨਾਂ ਦਾਅਵਾ ਕੀਤਾ ਕਿ ਆਪ ਨੇ ਗੁਜਰਾਤ ਵਿੱਚ ਸਕਾਰਾਤਮਕ ਤਰੀਕੇ ਨਾਲ ਚੋਣ ਲੜੀ ਹੈ ਤੇ ਕੋਈ ਵੀ ਗਾਲੀ-ਗਲੋਚ ਜਾਂ ਹਿੰਸਾ ਦੀ ਵਰਤੋਂ ਨਹੀਂ ਕੀਤੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਚੋਣਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਉਹ ਸੇਵਾ ਲਈ ਆਏ ਹਨ ਤੇ ਉਹ ਹੀ ਕਰਦੇ ਰਹਿਣਗੇ।