’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਅੱਜ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦੀ ਪਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸ਼ਾਮ ਵੇਲੇ ਕਈ ਥਾਈਂ ਕੈਂਡਲ ਮਾਰਚ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਇਸੇ ਦੌਰਾਨ ਕਿਸਾਨ ਆਗੂਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ। ਕਿਸਾਨਾਂ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ 27 ਦਸੰਬਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਥਾਲੀਆਂ ਖੜਕਾਉਣ ਤੇ ਤਾਲੀਆਂ ਵਜਾਉਣ ਦੀ ਅਪੀਲ ਕੀਤੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ, ‘ਦਿੱਲੀ ਮੋਰਚੇ ‘ਚ ਹੁਣ ਤਕ 40 ਲੋਕ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਧਰਨੇ ਨੂੰ ਖ਼ਤਮ ਕਰਵਾਉਣ ਲਈ ਹਰ ਹਥਕੰਡਾ ਵਰਤ ਰਹੀ ਹੈ। ਕਈ ਸੂਬਿਆਂ ‘ਚ ਇਨਕਮ ਟੈਕਸ ਵਿਭਾਗ ਨੇ ਆੜ੍ਹਤੀਆਂ, ਸੈਲਰ ਮਾਲਕਾਂ ਦੇ ਘਰਾਂ-ਦਫ਼ਤਰਾਂ ‘ਚ ਛਾਪੇਮਾਰੀ ਕਰ ਰਹੀ ਹੈ। ਅਸੀ ਕੇਂਦਰ ਸਰਕਾਰ ਨੂੰ ਮੰਗ ਕਰਦੇ ਹਾਂ ਉਹ ਅਜਿਹੀ ਬਦਲਾਖੋਰੂ ਕਾਰਵਾਈਆਂ ਬੰਦ ਕਰੇ।’
ਇਸ ਮੌਕੇ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਮੈਂ ਪਿਛਲੇ 10 ਦਿਨ ਤੋਂ ਜੈਪੁਰ-ਦਿੱਲੀ ਹਾਈਵੇਅ ‘ਤੇ ਕਿਸਾਨਾਂ ਨਾਲ ਮੋਰਚੇ ਲਗਾਇਆ ਹੋਇਆ ਹੈ। ਉੱਥੇ ਦਿਨੋਂ-ਦਿਨ ਗਿਣਤੀ ਵੱਧ ਰਹੀ ਹੈ। ਹਰਿਆਣਾ ਸਰਕਾਰ ਉੱਥੋਂ ਧਰਨਾ ਚੁਕਵਾਉਣ ਲਈ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਹਰਿਆਣਾ ਸਰਕਾਰ ਇਹ ਜਿਹੜੀ ਕਾਰਵਾਈ ਕਰ ਰਹੀ ਹੈ, ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਰ੍ਹੇਆਮ ਉਲੰਘਣਾ ਹੈ। ਹਰਿਆਣਾ ਸਰਕਾਰ ਸ਼ਾਂਤੀਪਰੂਨ ਤੇ ਲੋਕਤੰਤਰੀ ਤਰੀਕੇ ਨਾਲ ਚੱਲ ਰਹੇ ਅੰਦੋਲਨ ‘ਚ ਮਸ਼ਕਲਾਂ ਪੈਦਾ ਨਾ ਕਰੇ।’
ਯੋਗੇਂਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ‘ਚ 4 ਫ਼ੈਸਲਿਆਂ ਬਾਰੇ ਦੱਸਿਆ
21 ਦਸੰਬਰ ਤੋਂ ਦਿੱਲੀ ਦੇ ਸਿੰਘੂ/ਕੁੰਡਲੀ, ਟਿਕਰੀ, ਗਾਜੀਆਬਾਅਦ ਸਮੇਤ ਜਿੱਥੇ ਵੀ ਧਰਨੇ ਦਿੱਤੇ ਜਾ ਰਹੇ ਹਨ, ਉੱਥੇ 11-11 ਆਗੂ ਰੋਜ਼ਾਨਾ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠਣਗੇ।
23 ਦਸੰਬਰ (ਚੌਧਰੀ ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਦਾ ਜਨਮ ਦਿਨ) ਨੂੰ ਪੂਰੇ ਦੇਸ਼ ‘ਚ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੇ ਲੋਕ ਸਿਰਫ਼ ਇਕ ਟਾਈਮ ਦਾ ਖਾਣਾ ਖਾਣ।
25, 26 ਤੇ 27 ਦਸੰਬਰ ਨੂੰ ਹਰਿਆਣਾ ਸੂਬੇ ਦੇ ਸਾਰੇ ਟੌਲ ਪਲਾਜ਼ੇ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਵਸੇ ਭਾਰਤੀ ਲੋਕ ਜੋ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ, ਉਹ 25, 26 ਤੇ 27 ਦਸੰਬਰ ਨੂੰ ਭਾਰਤੀ ਅੰਬੈਸੀ ਅੱਗੇ ਰੋਸ ਪ੍ਰਦਰਸ਼ਨ ਕਰਨਗੇ। 26 ਤੇ 27 ਦਸੰਬਰ ਨੂੰ ਐਨਡੀਏ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਬੀਜੇਪੀ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਭਵਿੱਖ ‘ਚ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ।
27 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਕਹਿਣ ਵਾਲੇ ਹਨ। ਕਿਸਾਨ ਆਗੂਆਂ ਨੇ ਪੂਰੇ ਦੇਸ਼ ਨੂੰ ਅਪੀਲ ਕੀਤੀ ਕਿ ਜਿਵੇਂ ਕੋਰੋਨਾ ਵਾਇਰਸ ਨੂੰ ਭਜਾਉਣ ਲਈ ਪੀਐਮ ਮੋਦੀ ਨੇ ਥਾਲੀਆਂ ਤੇ ਤਾਲੀਆਂ ਖੜਕਾਈਆਂ ਸਨ, ਉਸੇ ਤਰ੍ਹਾਂ ਜਦੋਂ ਪੀਐਮ ਮੋਦੀ 27 ਤਰੀਕ ਨੂੰ ਜਿੰਨੀ ਦੇਰ ਤਕ ‘ਮਨ ਕੀ ਬਾਤ’ ਕਹਿਣ, ਓਨੀ ਦੇਰ ਤਕ ਸਾਰੇ ਲੋਕ ਉਨ੍ਹਾਂ ਦੀ ਆਵਾਜ਼ ਨੂੰ ਨਾ ਸੁਣਨ ਲਈ ਥਾਲੀਆਂ ਤੇ ਤਾਲੀਆਂ ਖੜਕਾਉਣ।