The Khalas Tv Blog India ਦਿੱਲੀ ਚੱਲੋ ਮੋਰਚੇ ਨੂੰ ਹੋਇਆ ਅੱਧਾ ਮਹੀਨਾ, 11 ਕਿਸਾਨ ਸ਼ਹੀਦ, ਆਖ਼ਰ ਕੌਣ ਜ਼ਿੰਮੇਵਾਰ?
India Punjab

ਦਿੱਲੀ ਚੱਲੋ ਮੋਰਚੇ ਨੂੰ ਹੋਇਆ ਅੱਧਾ ਮਹੀਨਾ, 11 ਕਿਸਾਨ ਸ਼ਹੀਦ, ਆਖ਼ਰ ਕੌਣ ਜ਼ਿੰਮੇਵਾਰ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ‘ਦਿੱਲੀ ਚੱਲੋ’ ਅੰਦੋਲਨ ਤਹਿਤ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾ ਕੇ ਬੈਠੇ ਹੋਏ ਹਨ। ਇਸ ਮੋਰਚੇ ਨੂੰ ਅੱਜ 15 ਦਿਨ, ਯਾਨੀ ਅੱਧਾ ਮਹੀਨਾ ਬੀਤ ਗਿਆ ਹੈ, ਪਰ ਕੇਂਦਰ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ। ਇਸ ਮੋਰਚੇ ਦੌਰਾਨ ਪੰਜਾਬ ਤੋਂ ਹੁਣ ਤਕ 11 ਕਿਸਾਨਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਕਿਸਾਨਾਂ ਦੀ ਮੌਤ ਹੋਈ ਹੈ। ਹੁਣ ਤਕ ਸ਼ਹੀਦੀ ਪਾਉਣ ਵਾਲੇ ਕਿਸਾਨਾਂ ਦੀ ਕੁੱਲ ਗਿਣਤੀ 20 ਤੋਂ ਉੱਪਰ ਹੈ।

ਦਸੰਬਰ ਮਹੀਨੇ ਦੀ ਠੰਢ ਵਿੱਚ ਬਜ਼ੁਰਗ ਤੋਂ ਲੈ ਕੇ ਬੱਚੇ ਮੋਰਚੇ ਵਿੱਚ ਬੈਠੇ ਹਨ ਤੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ਕਿਸਾਨ ਆਪਣੀ ਜਾਨ ਗਵਾ ਰਹੇ ਹਨ। ਕੋਰੋਨਾ ਮਹਾਂਮਾਰੀ ਦਾ ਵੀ ਡਰ ਬਣਿਆ ਹੋਇਆ ਹੈ। ਪੋਹ ਦਾ ਮਹੀਨਾ ਚੜ੍ਹਨ ਵਾਲਾ ਹੈ, ਠੰਢ ਹੋਰ ਵਧੇਗੀ। ਪਰ ਸਰਕਾਰ ਕਿਸੇ ਕੀਮਤ ’ਤੇ ਆਪਣੀ ਹੈਂਕੜ ਨਹੀਂ ਛੱਡਣਾ ਚਾਹੁੰਦੀ। ਸਵਾਲ ਇਹ ਹੈ ਕਿ ਧਰਨੇ ’ਤੇ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?

ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਇਨ੍ਹਾਂ ਕਿਸਾਨਾਂ ਦੀ ਮੌਤ ਹੋਈ:

1) ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨ ਲਖਵੀਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

2) ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਕਿਸਾਨ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਅਚਾਨਕ ਬਿਮਾਰ ਹੋ ਗਏ ਸਨ। ਉਨ੍ਹਾਂ ਨੂੰ ਬਹਾਦਰਗੜ੍ਹ ਹਸਪਤਾਲ ‘ਚੋਂ ਪੀਜੀਆਈ ਰੋਹਤਕ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਸੀ।

3) ਦਿੱਲੀ ਧਰਨੇ ਤੋਂ ਵਾਪਸ ਆ ਰਹੇ ਪਿੰਡ ਝੱਮਟ ਦੇ 35 ਸਾਲਾ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਗੋਲੂ ਪੁੱਤਰ ਸਵ. ਜਗਤਾਰ ਸਿੰਘ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਝੱਮਟ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਸੀ। ਇਹ ਕਿਸਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।

4) ਦਿੱਲੀ ਧਰਨੇ ‘ਤੇ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਖੋਟਿਆਂ ਦੇ ਕਿਸਾਨ ਮੇਵਾ ਸਿੰਘ (45) ਦੀ 8 ਦਸੰਬਰ ਸੋਮਵਾਰ ਰਾਤ 1 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੇਵਾ ਸਿੰਘ ਪਰਿਵਾਰ ‘ਚ ਇਕੱਲਾ ਹੀ ਕਮਾਊ ਸੀ।

5) ਪਿੰਡ ਉਝਾਨਾ ਵਾਸੀ ਕਿਸਾਨ ਕਿਤਾਬ ਸਿੰਘ (60) ਦੀ 8 ਦਸੰਬਰ ਦੀ ਸਵੇਰੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਉਝਾਨਾ ਅਤੇ ਗੜ੍ਹੀ ਵਿਚਕਾਰ ਧਰਨੇ ਸਮੇਂ ਦਿਲ ਦੀ ਗਤੀ ਰੁਕਣ ਨਾਲ ਮੌਤ ਹੋ ਗਈ।

6) ਦਿੱਲੀ ‘ਚ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਲੁਧਿਆਣਾ ਦੇ ਪਿੰਡ ਖਟੜਾ ਭਗਵਾਨਪੁਰਾ ਦੇ ਕਿਸਾਨ ਗੱਜਣ ਸਿੰਘ ਭੰਗੂ ਖੱਟੜਾ ਦੀ 28 ਨਵੰਬਰ ਨੂੰ ਮੌਤ ਹੋ ਗਈ ਸੀ। ਕਿਸਾਨ ਜੱਥੇਬੰਦੀਆਂ ਦੇ ਨਾਲ ਦਿੱਲੀ ਵੱਲ ਵੱਧਦੇ ਹੋਏ ਪੁਲਿਸ ਵੱਲੋਂ ਪਾਣੀ ਦੀਆਂ ਬੌਛਾੜਾਂ ਅਤੇ ਹੰਝੂ ਗੈਸ ਦੇ ਕਾਰਨ ਗੱਜਣ ਸਿੰਘ ਦੀ ਸਿਹਤ ਵਿਗੜਦੀ ਗਈ ਸੀ।

7) 42 ਸਾਲਾ ਕਿਸਾਨ ਧੰਨਾ ਸਿੰਘ ਵੀ ਸੜਕ ਹਾਦਸੇ ‘ਚ ਆਪਣੀ ਜਾਨ ਗੁਆ ਬੈਠਾ ਸੀ। ਧੰਨਾ ਪਹਿਲਾ ਅਜਿਹਾ ਕਿਸਾਨ ਸੀ ਜਿਸ ਨੇ ਕਿਸਾਨੀ ਲਹਿਰ ਦੌਰਾਨ ਆਪਣੀ ਜਾਨ ਗੁਆਈ।

8) ਸੋਨੀਪਤ ਦੇ ਗੋਹਾਨਾ ਵਾਸੀ ਅਜੇ ਮੋਰ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਅਜੇ ਦੀ ਮ੍ਰਿਤਕ ਦੇਹ ਟਰਾਲੀ ‘ਚ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਅੰਦੋਲਨ ਦੌਰਾਨ ਅਜੇ ਇਸੇ ਟਰਾਲੀ ‘ਚ ਸੌਂਦਾ ਸੀ। ਮ੍ਰਿਤਕ ਕਿਸਾਨ ਪਿਛਲੇ 10 ਦਿਨ ਤੋਂ ਇਸ ਸੰਘਰਸ਼ ਦਾ ਹਿੱਸਾ ਸੀ। ਅਜੇ ਦੇ ਪਰਿਵਾਰ ‘ਚ ਤਿੰਨ ਬੱਚੇ, ਪਤਨੀ ਅਤੇ ਬਜ਼ੁਰਗ ਮਾਪੇ ਹਨ। ਅਜੇ ਮੋਰ ਆਪਣੇ ਪਿੰਡ ਖੇਤੀ ਕਰਦਾ ਸੀ।

9) ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੋਲਾ ਤੋਂ ਦਿੱਲੀ ਕੂਚ ਲਈ ਚੱਲੇ ਟਰੈਕਟਰ ਠੀਕ ਕਰਨ ਗਏ ਮਕੈਨਿਕ ਜਨਕ ਰਾਜ ਦੀ ਗੱਡੀ ਅੰਦਰ ਜਿੰਦਾ ਸੜਨ ਕਾਰਨ ਮੌਤ ਹੋ ਗਈ ਸੀ।

10-11) ਦਿੱਲੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਗੁਰਭਾਸ਼ ਸਿੰਘ ਅਤੇ ਸੰਜੇ ਸਿੰਘ ਦੀ ਵੀ ਮੌਤ ਹੋ ਗਈ ਸੀ।

Exit mobile version