India

ਪਹਿਲਾਂ ਬਾਈਕ ਨਾਲ ਕੀਤੀ ਇਹ ਹਰਕਤ ! ਬਾਈਕ ਸਵਾਰ ਗੱਡੀ ਦੀ ਛੱਤ ‘ਤੇ ਡਿੱਗਿਆ !

ਨਵੀਂ ਦਿੱਲੀ : ਸੜਕ ‘ਤੇ ਦੋ ਪਹੀਆ ਵਾਹਨ ਦੇ ਜ਼ਰੀਏ ਡਰਾਇਵਿੰਗ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਦਿੱਲੀ ਵਰਗੇ ਸ਼ਹਿਰ ਵਿੱਚ ਤਾਂ ਇਹ ਹੋਰ ਵੀ ਖਤਰਨਾਕ ਹੈ। ਇਸੇ ਸਾਲ ਦੇਸ਼ ਦੀ ਰਾਜਧਾਨੀ ਤੋਂ ਦੂਜੀ ਅਜਿਹੀ ਦੁਰਘਟਨਾ ਸਾਹਮਣੇ ਆਈ ਹੈ, ਜਿਸ ਨੇ ਹਿਲਾ ਕੇ ਰੱਖ ਦਿੱਤਾ ਹੈ ।
ਦਿੱਲੀ ਦੇ ਵੀਆਈਪੀ(VIP) ਇਲਾਕੇ ਵਿੱਚੋਂ ਮੁੜ ਤੋਂ ਨਵੇਂ ਸਾਲ ਦੌਰਾਨ ਕੰਝਾਵਲਾ ਵਰਗਾ ਹਿੱਟ ਐਂਡ ਰਨ ਵਰਗਾ ਕੇਸ ਸਾਹਮਣੇ ਆਇਆ ਹੈ। ਕਨਾਟ ਪਲੇਸ ਦੇ ਕੋਲ ਕਸਤੂਰਬਾ ਗਾਂਧੀ ਚੌਕ ‘ਤੇ ਇੱਕ ਗੱਡੀ ਨੇ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਤੇਜ਼ ਰਫਤਾਰ ਨਾਲ ਟੱਕਰ ਮਾਰੀ। ਇਸ ਦੇ ਬਾਅਦ ਬਾਈਕ ਦਾ ਚਾਲਕ ਕਾਰ ਦੀ ਛੱਤ ‘ਤੇ ਜਾਕੇ ਡਿੱਗਿਆ ਪਰ ਕਾਰ ਡਰਾਈਵਰ ਨੇ ਗੱਡੀ ਨਹੀਂ ਰੋਕੀ, ਤਿੰਨ ਕਿਲੋਮੀਟਰ ਬਾਅਦ ਉਹ ਦਿੱਲੀ ਗੇਟ ਦੇ ਕੋਲ ਬਾਈਕ ਸਵਾਰ ਨੂੰ ਸੁੱਟ ਕੇ ਭੱਜ ਗਿਆ।

ਹਾਦਸੇ ਵਿੱਚ 30 ਸਾਲ ਦੇ ਚਾਲਕ ਦੀ ਮੌਤ

ਇਸ ਹਾਦਸ ਵਿੱਚ 30 ਸਾਲ ਦੇ ਦੀਪਾਂਸ਼ੂ ਵਰਮਾ ਦੀ ਮੌਤ ਹੋ ਗਈ ਹੈ। 20 ਸਾਲ ਦੇ ਮੁਕੁਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੀਪਾਂਸ਼ੂ ਮੁਕੁਲ ਦੀ ਭੂਆ ਦਾ ਮੁੰਡਾ ਸੀ। ਦੀਪਾਂਸ਼ੂ ਦੀ ਭੈਣ ਨੇ ਦੱਸਿਆ ਕਿ ਦੁਰਘਟਨਾ ਦੇ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਜਦੋਂ ਉਨ੍ਹਾਂ ਨੇ ਮੇਰੇ ਭਰਾ ਨੂੰ ਵੇਖਿਆ ਸੀ ਤਾਂ ਉਹ ਜ਼ਿੰਦਾ ਸੀ ।ਭੈਣ ਨੇ ਇਹ ਵੀ ਦੱਸਿਆ ਕਿ ਲੋਕਾਂ ਨੇ ਡਰਾਈਵਰ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਲੋਕਾਂ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਅਤੇ ਗੱਡੀ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ। ਅੱਗੇ ਜਾ ਕੇ ਜਦੋਂ ਡਰਾਈਵਰ ਨੇ ਕਾਰ ਦੀ ਛੱਤ ਤੋਂ ਦੀਪਾਂਸ਼ੂ ਨੂੰ ਹੇਠਾਂ ਡੇਗਿਆ ਤਾਂ ਉਸ ਦੇ ਸਿਰ ‘ਤੇ ਸੱਟਾਂ ਲੱਗ ਗਈਆਂ ਅਤੇ ਉਸ ਦੀ ਮੌਤ ਹੋ ਗਈ। ਕਾਰ ਦੇ ਡਰਾਈਵਰ ਨੇ ਜਾਣ ਬੁਝ ਕੇ ਇਹ ਕੀਤਾ। ਉਧਰ ਪੁਲਿਸ ਨੇ ਕਾਰ ਦੇ ਡਰਾਈਵਰ ਦਾ ਨਾਂ ਪਤਾ ਲੱਗਾ ਲਿਆ ਹੈ ।

ਡਰਾਈਵਰ ਦੇ ਖਿਲਾਫ਼ ਕੇਸ ਦਰਜ

ਪੁਲਿਸ ਨੇ ਦੱਸਿਆ ਕਿ ਕਾਰ ਡਰਾਈਵਰ ਦਾ ਨਾਂ ਹਰਨੀਤ ਸਿੰਘ ਚਾਵਲਾ ਹੈ, ਹਾਦਸੇ ਦੇ ਦੌਰਾਨ ਉਹ ਨਸ਼ੇ ਵਿੱਚ ਸੀ ਅਤੇ ਉਹ ਮਹਿੰਦਰਾ XUV ਗੱਡੀ ਚੱਲਾ ਰਿਹਾ ਸੀ। ਇਸ ਮਾਮਲੇ ਵਿੱਚ ਕਤਲ ਦਾ ਕੇਸ ਵੀ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਦਿੱਲੀ ਵਿੱਚ ਚਾਰ ਮਹੀਨੇ ਪਹਿਲਾਂ ਵੀ ਅਜਿਹਾ ਹੀ ਹਿੱਟ ਐਂਡ ਰਨ ਕੇਸ ਆਇਆ ਸ । ਕੰਝਾਵਲਾ ਵਿੱਚ 31 ਦਸੰਬਰ ਦੀ ਰਾਤ ਨੂੰ ਕਾਰ ਸਵਾਰ ਪੰਜ ਨੌਜਵਾਨਾਂ ਨੇ 20 ਸਾਲ ਦੀ ਅੰਜਲੀ ਨੂੰ ਟੱਕਰ ਮਾਰੀ ਸੀ, ਇਸ ਦੇ ਬਾਅਦ ਉਸ ਨੂੰ 12 ਕਿਲੋਮੀਟਰ ਤੱਕ ਘੜੀਸਿਆ ਗਿਆ ਸੀ। ਉਸ ਵੇਲੇ ਵੀ ਕੁੜੀ ਦੀ ਮੌਤ ਹੋ ਗਈ ਸੀ। ਹਾਦਸੇ ਦੇ ਬਾਅਦ ਮੁਲਜ਼ਮ ਕਾਰ ਲੈਕੇ ਫ਼ਰਾਰ ਹੋ ਗਿਆ ਸੀ।