India

ਦਿੱਲੀ ਹਵਾਈ ਅੱਡੇ ’ਤੇ ਤੜਕੇ ਵੱਡਾ ਹਾਦਸਾ! ਇੱਕ ਦੀ ਮੌਤ, ਛੇ ਜ਼ਖ਼ਮੀ, ਸਾਰੀਆਂ ਉਡਾਣਾਂ ਰੱਦ

ਦਿੱਲੀ: ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਹਵਾਈ ਅੱਡੇ ਦੇ ਟਰਮੀਨਲ-1 ’ਤੇ ਮੀਂਹ ਕਾਰਨ ਛੱਤ ਡਿੱਗਣ ਕਾਰਨ ਉਥੇ ਮੌਜੂਦ ਕਈ ਕਾਰਾਂ ਦੱਬ ਗਈਆਂ। ਇਸ ਹਾਦਸੇ ’ਚ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਤੋਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਚੈੱਕ-ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ।

ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਦਿੱਲੀ ਏਅਰਪੋਰਟ ਟਰਮੀਨਲ-1 ਦੀ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਛੇ ਲੋਕ ਜ਼ਖ਼ਮੀ ਹੋ ਗਏ। ਮਲਬਾ ਕਈ ਕਾਰਾਂ ਅਤੇ ਟੈਕਸੀਆਂ ’ਤੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਛੱਤ ਦੀਆਂ ਚਾਦਰਾਂ ਤੋਂ ਇਲਾਵਾ, ਸਪੋਰਟ ਬੀਮ ਵੀ ਢਹਿ ਗਏ, ਜਿਸ ਨਾਲ ਟਰਮੀਨਲ ਦੇ ਪਿਕ-ਅੱਪ ਅਤੇ ਡਰਾਪ ਖੇਤਰ ਵਿੱਚ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪਹੁੰਚਿਆ। ਇਹ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਕਿ ਖ਼ਰਾਬ ਹੋਏ ਵਾਹਨਾਂ ਵਿੱਚ ਕੋਈ ਫਸਿਆ ਤਾਂ ਨਹੀਂ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਛੇ ਵਿੱਚੋਂ ਇੱਕ ਨੂੰ ਕਾਰ ਵਿੱਚੋਂ ਬਚਾਇਆ ਗਿਆ ਸੀ, ਜੋ ਕਿ ਇੱਕ ਲੋਹੇ ਦੇ ਬੀਮ ਨਾਲ ਟਕਰਾ ਗਈ ਸੀ। ਸਵੇਰੇ ਕਰੀਬ 5.30 ਵਜੇ ਡੀਐਫਐਸ ਨੂੰ ਘਟਨਾ ਬਾਰੇ ਫੋਨ ਮਿਲਣ ਤੋਂ ਬਾਅਦ ਤਿੰਨ ਗੱਡੀਆਂ ਹਵਾਈ ਅੱਡੇ ਲਈ ਰਵਾਨਾ ਕੀਤੇ ਗਏ।

ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ- ਸਾਡੀ ਹਾਦਸੇ ’ਤੇ ਪੂਰੀ ਨਜ਼ਰ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ, ‘ਮੈਂ T1 ਦਿੱਲੀ ਹਵਾਈ ਅੱਡੇ ’ਤੇ ਛੱਤ ਡਿੱਗਣ ਦੀ ਘਟਨਾ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਿਹਾ ਹਾਂ। ਹਾਦਸੇ ਸਬੰਧੀ ਫਸਟ ਰਿਸਪਾਂਸ ਟੀਮ ਮੌਕੇ ’ਤੇ ਕੰਮ ਕਰ ਰਹੀ ਹੈ। ਨਾਲ ਹੀ, ਏਅਰਲਾਈਨਾਂ ਨੂੰ T1 ’ਤੇ ਸਾਰੇ ਪ੍ਰਭਾਵਿਤ ਯਾਤਰੀਆਂ ਦੀ ਸਹਾਇਤਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।’