India Khetibadi Manoranjan Punjab

ਮਾਣਹਾਨੀ ਕੇਸ ’ਚ BJP ਸਾਂਸਦ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਝਟਕਾ

ਬਿਊਰੋ ਰਿਪੋਰਟ (ਬਠਿੰਡਾ, 25 ਨਵੰਬਰ 2025): ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਕਾਰਵਾਈ ਤੋਂ ਬਾਅਦ ਹੁਣ ਕੇਸ ਵਿੱਚ ਬਹਿਸ ਸ਼ੁਰੂ ਹੋਵੇਗੀ।

ਧਾਰਾਵਾਂ 499 ਅਤੇ 500 ਤਹਿਤ ਦੋਸ਼ ਤੈਅ

ਮਹਿਲਾ ਕਿਸਾਨ ਦੇ ਵਕੀਲ ਰਘਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 499 ਅਤੇ 500 ਤਹਿਤ ਚਾਰਜ ਫਰੇਮ ਕਰਕੇ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ ਕੇਸ ਨੂੰ ਸਬੂਤ (Evidence) ਪੇਸ਼ ਕਰਨ ਲਈ ਰੱਖਿਆ ਗਿਆ ਹੈ।

ਕੰਗਨਾ ਰਣੌਤ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਲਈ ਮੰਗੀ ਗਈ ਅਰਜ਼ੀ ’ਤੇ ਅਦਾਲਤ ਨੇ ਕੋਈ ਤੁਰੰਤ ਫ਼ੈਸਲਾ ਨਹੀਂ ਸੁਣਾਇਆ, ਕਿਉਂਕਿ ਸ਼ਿਕਾਇਤਕਰਤਾ ਪੱਖ ਦੇ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ। ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਦਸੰਬਰ ਨੂੰ ਹੋਵੇਗੀ।

ਮੁਆਫ਼ੀ ਮੰਨਣ ਤੋਂ ਇਨਕਾਰ

ਪਿਛਲੀ ਸੁਣਵਾਈ ਦੌਰਾਨ ਕੰਗਨਾ ਰਣੌਤ ਵੱਲੋਂ ਮੰਗੀ ਗਈ ਮੁਆਫ਼ੀ ਨੂੰ ਮਹਿਲਾ ਕਿਸਾਨ ਦੇ ਪਤੀ ਲਾਭ ਸਿੰਘ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਹ ਕੇਸ ਲੜਨਗੇ। ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਹੋਈ ਸੁਣਵਾਈ ਵਿੱਚ ਕੰਗਨਾ ਰਣੌਤ ਅਦਾਲਤ ਵਿੱਚ ਪੇਸ਼ ਹੋਈ ਸੀ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ ਸਾਲ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 87 ਸਾਲਾ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਨੂੰ ‘100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਵਾਲੀ ਔਰਤ’ ਦੱਸਿਆ ਸੀ।

ਇਸ ਬਿਆਨ ਤੋਂ ਬਾਅਦ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਬਠਿੰਡਾ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਕੰਗਨਾ ਨੂੰ ਸੁਪਰੀਮ ਕੋਰਟ ਅਤੇ ਹਾਈਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੰਗਨਾ ਦੇ ਟਵੀਟ ਨੂੰ ਸਿਰਫ ਰੀਟਵੀਟ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਵਿੱਚ ‘ਮਸਾਲਾ ਜੋੜਿਆ ਗਿਆ ਹੈ।’