India Sports

ਪੈਰਿਸ ਓਲੰਪਿਕ 2024: ਦੀਪਿਕਾ ਕੁਮਾਰੀ ਦੀ ਕੁਆਰਟਰ ਫਾਈਨਲ ਵਿੱਚ ਹਾਰ, ਭਾਰਤ ਦੀ ਤੀਰਅੰਦਾਜ਼ੀ ਮੁਹਿੰਮ ਸਮਾਪਤ

ਬਿਉਰੋ ਰਿਪੋਰਟ: ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਸ਼ਨੀਵਾਰ ਨੂੰ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਨਾਮ ਸੁਹਯੋਨ ਤੋਂ 2-6 ਨਾਲ ਹਾਰ ਗਈ। ਇਸ ਦੇ ਨਾਲ ਪੈਰਿਸ ਓਲੰਪਿਕ 2024 ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤ ਦੀ ਮੁਹਿੰਮ ਵੀ ਖ਼ਤਮ ਹੋ ਗਈ। ਕੁਆਰਟਰ ਫਾਈਨਲ ਵਿੱਚ ਦੀਪਿਕਾ ਦੀ ਵਿਰੋਧੀ 19 ਸਾਲ ਦੀ ਨਮ ਸੁਹਿਯੋਨ ਪਹਿਲਾਂ ਹੀ ਪੈਰਿਸ 2024 ਓਲੰਪਿਕ ਵਿੱਚ ਮਹਿਲਾ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ।

ਦੀਪਿਕਾ ਕੁਮਾਰੀ ਨੇ ਪਹਿਲਾ ਸੈੱਟ 28-26 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਬਾਅਦ ਕੋਰੀਆਈ ਖਿਡਾਰੀ ਨੇ ਜਵਾਬੀ ਹਮਲਾ ਕੀਤਾ ਅਤੇ ਦੂਜਾ ਸੈੱਟ 28-25 ਨਾਲ ਜਿੱਤ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਭਾਰਤੀ ਤੀਰਅੰਦਾਜ਼ ਨੇ ਇਕ ਵਾਰ ਫਿਰ ਸਹੀ ਨਿਸ਼ਾਨਾ ਲਗਾਇਆ ਅਤੇ ਕਰੀਬੀ ਮੈਚ 29-28 ਨਾਲ ਜਿੱਤ ਕੇ 4-2 ਦੀ ਬੜ੍ਹਤ ਬਣਾ ਲਈ।

ਪਰ, ਇਸ ਤੋਂ ਬਾਅਦ ਦੱਖਣੀ ਕੋਰੀਆਈ ਖਿਡਾਰੀ ਨੇ ਲਗਾਤਾਰ ਦੋ ਸੈੱਟ ਜਿੱਤ ਕੇ ਮੈਚ 6-4 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਵਿਸ਼ਵ ਦੀ ਸਾਬਕਾ ਨੰਬਰ 1 ਖਿਡਾਰਨ ਦੀਪਿਕਾ ਕੁਮਾਰੀ ਨੇ ਪੈਰਿਸ 2024 ਓਲੰਪਿਕ ’ਚ ਮਹਿਲਾ ਵਿਅਕਤੀਗਤ 16 ਤੀਰਅੰਦਾਜ਼ੀ ਮੁਕਾਬਲੇ ’ਚ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨੂੰ 6-4 ਨਾਲ ਹਰਾਇਆ ਸੀ।

ਪੰਜਾਬ ਦੀ ਭਜਨ ਕੌਰ ਸ਼ਨੀਵਾਰ ਨੂੰ ਪੈਰਿਸ 2024 ਓਲੰਪਿਕ ਵਿੱਚ ਮਹਿਲਾ ਵਿਅਕਤੀਗਤ 16 ਤੀਰਅੰਦਾਜ਼ੀ ਮੈਚ ਵਿੱਚ ਇੰਡੋਨੇਸ਼ੀਆ ਦੀ ਦਯਾਨੰਦ ਕੋਇਰੁਨਿਸਾ ਤੋਂ 6-5 ਨਾਲ ਹਾਰ ਗਈ। ਇਸ ਤੋਂ ਪਹਿਲਾਂ ਟੂਰਨਾਮੈਂਟ ’ਚ ਭਜਨ ਨੇ ਇੰਡੋਨੇਸ਼ੀਆ ਦੀ ਸੈਫਾ ਨੂਰਾਫੀਫਾਹ ਕਮਾਲ (ਰਾਊਂਡ ਆਫ 64) ਅਤੇ ਪੋਲੈਂਡ ਦੀ ਵਿਓਲਾਟਾ ਮੈਸਜ਼ੋਰ (ਰਾਊਂਡ ਆਫ 32) ਨੂੰ ਹਰਾਇਆ ਸੀ।

ਇਹ ਵੀ ਪੜ੍ਹੋ – ਮਨੂ ਤੀਜੇ ਤਗਮੇ ਤੋਂ ਖੁੰਝੀ, ਤੀਰਅੰਦਾਜ਼ ਦੀਪਿਕਾ ਦਾ ਸ਼ਾਨਦਾਰ ਪ੍ਰਦਰਸ਼ਨ, ਭਜਨ ਕੌਰ ਮੁਕਾਬਲੇ ਤੋਂ ਬਾਹਰ!