‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੀ ਅਦਾਲਤ ਨੇ ਪੁਲਿਸ ਨੂੰ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਵਿੱਚ ਨਾਮਜ਼ਦ ਅਦਾਕਾਰ ਦੀਪ ਸਿੱਧੂ ਦੀ ਆਵਾਜ਼ ਨੂੰ ਵੀਡਿਓ ਕਲਿਪਿੰਗ ਵਾਲੀ ਆਵਾਜ਼ ਨਾਲ ਮਿਲਾਉਣ ਲਈ ਨਮੂਨਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 17 ਅਪ੍ਰੈਲ ਨੂੰ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਅਦਾਕਾਰ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਦੀਪ ਸਿੱਧੂ ਦੀ ਜ਼ਮਾਨਤ ਲਈ ਅਦਾਲਤ ‘ਚ ਤਿੰਨ ਸੁਣਵਾਈਆਂ ਹੋਈਆਂ ਸਨ ਅਤੇ ਉਸ ਦੀ ਜ਼ਮਾਨਤ ‘ਤੇ ਫੈਸਲਾ ਹਰ ਵਾਰ ਅਗਲੀ ਤਰੀਕ ‘ਤੇ ਪਾ ਦਿੱਤਾ ਜਾਂਦਾ ਸੀ, ਪਰ ਇਸ ਵਾਰ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ। ਦੀਪ ਸਿੱਧੂ ਨੂੰ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਪਰ ਉਸੇ ਦਿਨ ਸ਼ਾਮ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੀਪ ਸਿੱਧੂ ਨੂੰ ਭਾਰਤੀ ਪੁਰਾਤੱਤਵ ਵਿਭਾਗ ਨਾਲ ਜੁੜੇ ਮਾਮਲੇ ਵਿੱਚ ਮੁੜ ਗ੍ਰਿਫਤਾਰ ਕਰ ਲਿਆ। ਭਾਰਤੀ ਪੁਰਾਤੱਤਵ ਵਿਭਾਗ ਨੇ ਤਿਹਾੜ ਜੇਲ੍ਹ ਤੋਂ ਹੀ ਦੀਪ ਸਿੱਧੂ ਦੀ ਮੁੜ ਤੋਂ ਗ੍ਰਿਫਤਾਰੀ ਕਰਵਾ ਦਿੱਤੀ ਸੀ।
ਕੀ ਹੈ ਭਾਰਤੀ ਪੁਰਾਤੱਤਵ ਵਿਭਾਗ ਕੇਸ ?
26 ਜਨਵਰੀ ਨੂੰ ਜਦੋਂ ਲਾਲ ਕਿਲ੍ਹੇ ‘ਤੇ ਹਿੰਸਾ ਹੋਈ ਸੀ ਤਾਂ ਉਸ ਸਮੇਂ ਲਾਲ ਕਿਲ੍ਹੇ ਵਿੱਚ ਤੋੜ-ਫੋੜ ਕੀਤੀ ਗਈ ਸੀ, ਉਸੇ ਸਿਲਸਿਲੇ ਵਿੱਚ ਆਰਕੀਉਲੋਜੀਕਲ ਸਰਵੇ ਆਫ ਇੰਡੀਆ (Archeological survey of India) ਯਾਨੀ ਭਾਰਤੀ ਪੁਰਾਤੱਤਵ ਵਿਭਾਗ ਨੇ ਦੀਪ ਸਿੱਧੂ ‘ਤੇ ਇਨ੍ਹਾਂ ਦੀ ਤੋੜ-ਫੋੜ ਕਰਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਐੱਫਆਈਆਰ ਦਰਜ ਕਰਵਾਈ ਸੀ।