The Khalas Tv Blog India ਦੀਪ ਸਿੱਧੂ ਨੂੰ ਇੰਨੀ ਜਲਦੀ ਜੇਲ੍ਹ ਤੋਂ ਬਾਹਰ ਆਉਣ ਦੀ ਨਹੀਂ ਸੀ ਉਮੀਦ, ਪੜ੍ਹੋ ਪੂਰੀ ਖਬਰ
India Punjab

ਦੀਪ ਸਿੱਧੂ ਨੂੰ ਇੰਨੀ ਜਲਦੀ ਜੇਲ੍ਹ ਤੋਂ ਬਾਹਰ ਆਉਣ ਦੀ ਨਹੀਂ ਸੀ ਉਮੀਦ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰ ਦੀਪ ਸਿੱਧੂ ਨੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੱਲ੍ਹ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਦੀਪ ਸਿੱਧੂ ਨੇ ਕਿਹਾ ਕਿ ‘ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਘੱਟੋ-ਘੱਟ 7-8 ਮਹੀਨਿਆਂ ਲਈ ਜੇਲ੍ਹ ਵਿੱਚ ਬੰਦ ਰਹਿਣਗੇ’। ਉਨ੍ਹਾਂ ਕਿਹਾ ਕਿ ‘ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਇੰਨੀ ਜਲਦੀ ਬਾਹਰ ਆ ਜਾਵਾਂਗਾ। ਆਪਣੇ ‘ਤੇ ਇੰਨੇ ਕੇਸ ਨਹੀਂ ਪੈਣੇ ਸੀ। ਦੋ ਐੱਫਆਈਆਰ ਤਾਂ ਪਹਿਲਾਂ ਤੋਂ ਹੀ ਮੇਰੇ ‘ਤੇ ਕੀਤੀਆਂ ਹੋਈਆਂ ਸੀ’।

ਦੀਪ ਸਿੱਧੂ ਨੇ ਕਿਹਾ ਕਿ ‘ਜੇਲ੍ਹ ਵਿੱਚ ਮੇਰੇ ‘ਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਰਿਹਾ ਹੈ, ਮੇਰਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ 26 ਜਨਵਰੀ ਨੂੰ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲਿਆ ਸੀ, ਉਸਨੂੰ ਬਹੁਤ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਮੈਂ ਜਦੋਂ ਮੋਟਰਸਾਈਕਲ ਲੈ ਕੇ ਨਿਕਲਿਆ ਸੀ ਤਾਂ ਸੁਖਦੇਵ ਢਾਬੇ ਦੇ ਕੋਲ ਮੇਰੇ ‘ਤੇ ਹਮਲਾ ਕੀਤਾ ਗਿਆ ਸੀ ਪਰ ਮੈਂ ਉਨ੍ਹਾਂ ਨਾਲ ਝਗੜਾ ਨਹੀਂ ਕੀਤਾ ਅਤੇ ਉੱਥੋਂ ਚਲਾ ਗਿਆ’।

ਦੀਪ ਸਿੱਧੂ ਨੇ ਕਿਹਾ ਕਿ ‘ਸੰਨੀ ਦਿਉਲ ਨਾਲ ਮੈਂ ਇੱਥੇ ਚੋਣਾਂ ਲੜ ਕੇ ਗਿਆ ਸੀ ਪਰ ਅੱਜ ਉਸ ਨਾਲ ਕੋਈ ਨਾਤਾ ਹੀ ਨਹੀਂ ਰਿਹਾ। ਜਦੋਂ ਵੱਡੀਆਂ ਲਹਿਰਾਂ ਉੱਠਦੀਆਂ ਹਨ ਤਾਂ ਉਦੋਂ ਕੁੱਝ ਲੋਕ ਚਿਹਰਿਆਂ ਨਾਲ ਪਛਾਣ ਕਰਨ ਲੱਗ ਪੈਂਦੇ ਹਨ ਅਤੇ ਕਈਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਦੀਪ ਸਿੱਧੂ ਨੇ ਸਿੰਘੂ ਬਾਰਡਰ ਜਲਦੀ ਪਹੁੰਚਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਹਿਰ ਤਾਂ ਹੈ ਪਰ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨ ਮਹਾਂਮਾਰੀ ਦੌਰਾਨ ਦਿੱਲੀ ਬੈਠੇ ਹੋਏ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਕਿਸਾਨਾਂ ਨੂੰ ਘਰਾਂ ‘ਚ ਭੇਜਣਾ ਚਾਹੀਦਾ ਹੈ’। ਦੀਪ ਸਿੱਧੂ ਦੀ 26 ਅਪ੍ਰੈਲ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਰਿਹਾਈ ਹੋਈ ਸੀ।

Exit mobile version