‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਉਹ ਉਨ੍ਹਾਂ ਸਾਰੇ ਲੋਕਾਂ ਦੀਆਂ ਅਰਦਾਸਾਂ ਅਤੇ ਸਹਿਯੋਗ ਦੇ ਸਦਕਾ ਜੇਲ੍ਹ ਤੋਂ ਬਾਹਰ ਆਏ ਹਨ। ਦੀਪ ਸਿੱਧੂ ਨੇ ਕਿਹਾ ਕਿ ਮੇਰਾ ਉਨ੍ਹਾਂ ਸਾਰੇ ਲੋਕਾਂ ਨੂੰ ਮਿਲਣ ਦਾ ਜੀਅ ਕਰਦਾ ਹੈ, ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਹੈ, ਔਖੇ ਸਮੇਂ ਮੇਰੀ ਬਾਂਹ ਫੜੀ ਹੈ ਪਰ ਇਸ ਸਮੇਂ ਕਰੋਨਾ ਮਹਾਂਮਾਰੀ ਕਰਕੇ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਨਹੀਂ ਮਿਲ ਸਕਿਆ’।
ਦੀਪ ਸਿੱਧੂ ਨੇ ਕਿਹਾ ਕਿ ‘ਇੱਕ ਪਾਸੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਕਰੋਨਾ ਮਹਾਂਮਾਰੀ, ਪਰ ਸਾਨੂੰ ਦੋਵਾਂ ਨਾਲ ਲੜਨਾ ਹੈ। ਕਿਸਾਨੀ ਸੰਘਰਸ਼ ਨੂੰ ਜਿੱਤਣਾ ਸਾਡਾ ਮਕਸਦ ਹੈ, ਇਸ ਲਈ ਸਾਨੂੰ ਆਪਸ ਵਿੱਚ ਨਹੀਂ ਉਲਝਣਾ ਚਾਹੀਦਾ। ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਸਿੱਖ ਕੌਮ ਦਾ ਧਰਮ, ਉਨ੍ਹਾਂ ਦੀਆਂ ਰਵਾਇਤਾਂ, ਉਨ੍ਹਾਂ ਦਾ ਫਲਸਫਾ ਸਭ ਤੋਂ ਨਿਆਰਾ ਹੈ। ਸਾਰਿਆਂ ਨੇ ਇਸ ਗੱਲ ਨੂੰ ਮੰਨਿਆ ਹੈ। ਅਸੀਂ ਉਸ ਸਰਕਾਰ ਦੇ ਖਿਲਾਫ ਲੜ ਰਹੇ ਹਾਂ, ਜਿਸਨੇ ਕਦੇ ਵੀ ਕਿਸੇ ਦੀ ਮਾੜੀ ਜਿਹੀ ਗੱਲ ਵੀ ਨਹੀਂ ਮੰਨੀ’।
ਦੀਪ ਸਿੱਧੂ ਨੇ ਕਿਹਾ ਕਿ ‘ਕਿਸਾਨੀ ਸੰਘਰਸ਼ ਦੌਰਾਨ ਅਸੀਂ ਕਿਤੇ ਨਾ ਕਿਤੇ ਜ਼ਰੂਰ ਗਲਤੀਆਂ ਕਰ ਗਏ ਹੋਵਾਂਗੇ, ਪਰ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਗਲਤੀਆਂ ਨੂੰ ਵੀ ਮਨਜ਼ੂਰ ਕਰਨ। ਉਨ੍ਹਾਂ ਗਲਤੀਆਂ ਨੂੰ ਮਨਜ਼ੂਰ ਕਰਕੇ ਅਸੀਂ ਇੱਕ-ਦੂਜੇ ਨੂੰ ਸਪੇਸ ਦੇਈਏ। ਸਾਨੂੰ ਇੱਕ ਮਕਸਦ ਲਈ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ’।
26 ਅਪ੍ਰੈਲ ਨੂੰ ਅਦਾਕਾਰ ਦੀਪ ਸਿੱਧੂ ਦੀ ਪੁਰਾਤੱਤਵ ਵਿਭਾਗ ਨਾਲ ਜੁੜੇ ਕੇਸ ਵਿੱਚੋਂ ਜ਼ਮਾਨਤ ਹੋਈ ਸੀ ਅਤੇ ਉਸੇ ਦਿਨ ਦੇਰ ਰਾਤ ਤਿਹਾੜ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਆਦ ਦੀਪ ਸਿੱਧੂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਸੀ। ਦੀਪ ਸਿੱਧੂ ਨੇ ਸਾਰੇ ਲੋਕਾਂ ਦਾ ਉਸਦਾ ਸਮਰਥਨ ਦੇਣ ‘ਤੇ ਧੰਨਵਾਦ ਕੀਤਾ। ਦੀਪ ਸਿੱਧੂ ਨੇ ਖਾਸ ਤੌਰ ‘ਤੇ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਵੀ ਕੀਤਾ ਸੀ।